ਸਟੈਲਕੋ ਲਿਮਿਟਡ, ਰਾਮਪੁਰਾ ਫੂਲ ਨੂੰ ਵਾਧਾ ਕਰਨ ਲਈ ਅਪਰੂਵਲ ਜਾਰੀ : ਡਿਪਟੀ ਕਮਿਸ਼ਨਰ
ਬਠਿੰਡਾ, 20 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਪੁਰਜੋਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਇਸ ਮੰਤਵ ਲਈ ਲੋੜੀਂਦੀਆਂ ਮਨਜੂਰੀਆਂ ਵੀ ਜਲਦੀ ਤੋਂ ਜਲਦੀ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਕੋਲਡ ਟੈਂਪਰਡ ਸਟੀਲ ਸਟਰਿਪਸ ਬਣਾਉਣ ਵਾਲੀ ਯੂਨਿਟਸਟੈਲਕੋ ਲਿਮਿਟਡ, ਰਾਮਪੁਰਾ ਫੂਲ ਨੂੰ 30 ਕਰੋੜ ਦਾ ਵਾਧਾ ਕਰਨ ਲਈ ਰਾਈਟ ਟੂ ਬਿਜਨਸ ਐਕਟ 2020 ਅਧੀਨ ਇਨ ਪ੍ਰਿੰਸੀਪਲ ਅਪਰੂਵਲ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ ਜ਼ਿਲ੍ਹੇ ਵਿੱਚ ਕਰੀਬ 115 ਇਕਾਈਆਂ ਨੂੰ ਇਨ ਪ੍ਰਿਸੀਪਲ ਅਪਰੂਵਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਐਕਟ ਅਨੁਸਾਰ ਨਵੀਂ ਲੱਗਣ ਵਾਲੀ ਇਕਾਈ ਨੂੰ 15 ਦਿਨਾਂ ਦੇ ਅੰਦਰ-ਅੰਦਰ ਵੱਖ-ਵੱਖ ਮਹਿਕਮਿਆਂ ਤੋਂ ਮਨਜੂਰੀ ਲੈਣ ਉਪਰੰਤ ਕੰਮ ਸ਼ੁਰੂ ਕਰਨ ਦੀ ਅਪਰੂਵਲ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਵਿੱਚ ਲੱਗਣ ਵਾਲੀਆਂ ਇਕਾਈਆਂ ਨੂੰ ਇਨ ਪ੍ਰਿੰਸੀਪਲ ਅਪਰੂਵਲ 3 ਦਿਨਾਂ ਦੇ ਅੰਦਰ-ਅੰਦਰ ਜਾਰੀ ਕੀਤੀ ਜਾਂਦੀ ਹੈ।
ਇਸ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ, ਬਠਿੰਡਾ ਦੇ ਜਨਰਲ ਮੈਨੇਜਰ ਸ੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਅਪਰੂਵਲ ਲਈ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪੰਜਾਬ ਬਿਜਨਸ ਫਸਟ ਪੋਰਟਲ ਤੇ ਆਨ-ਲਾਇਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਥਾਪਿਤ ਜਾਂ ਨਵੇਂ ਲੱਗਣ ਵਾਲੇ ਉਦਯੋਗਾਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਇਸ ਮੌਕੇ ਯੂਨਿਟ ਦੇ ਜਨਰਲ ਮੈਨੈਜਰ ਸ਼੍ਰੀ ਅਸ਼ੋਕ ਕੁਮਾਰ ਅਤੇ ਸ੍ਰੀ ਅਰੁਣ ਗਾਂਧੀ ਬੀ. ਐਫ. ਓ. ਆਦਿ ਹਾਜ਼ਰ ਸਨ।