–ਵਿਦਿਆਰਥੀਆਂ ਲਈ ਕੌਂਸਲਿੰਗ ਤਹਿਤ ਵਰਕਸ਼ਾਪ ਦਾ ਆਯੋਜਨ
ਬਠਿੰਡਾ, 14 ਅਕਤੂਬਰ : ਸੂਬਾ ਸਰਕਾਰ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਕਰੀ ਲੱਭਣ ਵਾਲਿਆਂ ਅਤੇ ਨੌਕਰੀ ਪ੍ਰਦਾਨ ਕਰਨ ਵਾਲਿਆਂ ਵਿਚਕਾਰ ਪਾੜੇ ਨੂੰ ਦੂਰ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਦੇ ਸਹਿਯੋਗ ਨਾਲ ਸਥਾਨਕ ‘ਸਰਕਾਰੀ ਰਜਿੰਦਰਾ ਕਾਲਜ’ ਵਿਖੇ ਕਰੀਅਰ ਕੌਂਸਲਿੰਗ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹਾ ਬਠਿੰਡਾ ਦੇ ਸਮੂਹ ਸਰਕਾਰੀ ਸਕੂਲ ਦੇ ਕੌਂਸਲਰਜ਼ ਵੱਲੋਂ ਭਾਗ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖੋ-ਵੱਖ ਸਪੀਕਰਾਂ ਵੱਲੋਂ ਕੌਂਸਲਿੰਗ ਸਬੰਧੀ ਸਰਕਾਰੀ ਸਕੂਲਾਂ ਤੋਂ ਆਏ ਸਕੂਲ ਕੌਂਸਲਰ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਕਰੀਅਰ ਕੌਂਸਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਸਾਂਝੀ ਕੀਤੀ।
ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਏ ਸਪੀਕਰ ਸ਼੍ਰੀ ਅੰਮ੍ਰਿਤਪਾਲ ਸਿੰਘ ਕਲਸੀ ਅਤੇ ਸ਼੍ਰੀ ਵਰੁਣ ਨਾਇਰ ਵੱਲੋਂ ਦਸਵੀਂ ਅਤੇ ਬਾਰਵੀਂ ਕਲਾਸ ਤੋਂ ਬਾਅਦ ਵਿਦਿਆਰਥੀ ਕਿਸ ਤਰ੍ਹਾਂ ਦੇ ਕਰੀਅਰ ਦੀ ਚੋਣ ਕਰ ਸਕਦੇ ਹਨ, ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਸਪੀਕਰਾਂ ਵੱਲੋਂ ਅੱਜ-ਕੱਲ੍ਹ ਚੱਲ ਰਹੇ ਨਵੇਂ ਕੋਰਸਾਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਉਡ ਕੰਪਿਉਟਿੰਗ, ਮਸ਼ੀਨ ਲਰਨਿੰਗ, ਬਿੱਗ ਡਾਟਾ ਦੇ ਨਾਲ ਹੀ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕਾਲਰਸ਼ਿਪ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਮੈਡਮ ਸੀਮਾ ਗੁਪਤਾ ਵੱਲੋਂ ਰਜਿੰਦਰਾ ਕਾਲਜ ਵਿਖੇ ਆਏ ਹੋਏ ਸਾਰੇ ਸਕੂਲ ਕੌਂਸਲਰਜ਼ ਸਨਮੁੱਖ ਆਪਣੇ ਵਿਚਾਰਾਂ ਦੁਆਰਾ ਸਾਇਕੋਲੋਜੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਪ੍ਰੋਗਰਾਮ ਦੇ ਅਖੀਰ ਚ ਡਿਪਟੀ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਅਤੇ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੌਰਾਨ ਪਹੁੰਚੇ ਸਕੂਲ ਕੌਸ਼ਲਰਜ ਨੂੰ ਅਪੀਲ ਕੀਤੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸੀਟੀ ਤੋਂ ਆਏ ਬੁਲਾਰਿਆਂ ਵੱਲੋਂ ਜੋ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਉਸ ਦਾ ਵੱਧ ਤੋਂ ਵੱਧ ਫਾਇਦਾ ਆਪਣੇ-ਆਪਣੇ ਸਕੂਲ ਦੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਣ।
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਜੋਯਤਸਿਨਾ, ਜਿਲ੍ਹਾ ਗਾਇਡੈਂਸ ਕੌਂਸਲਰ ਰਾਜਵੀਰ ਔਲਖ, ਰੋਜ਼ਗਾਰ ਦਫ਼ਤਰ ਦੇ ਸਟਾਫ਼ ਮੈਂਬਰਾਂ ਤੋਂ ਇਲਾਵਾ ਆਦਿ ਹਾਜ਼ਰ ਸਨ।