ਵੇਰਕਾ ਵਲੋਂ ਭਵਿੱਖ ਚ ਲੱਸੀ, ਖੀਰ ਤੇ ਹੋਰਨਾਂ ਪ੍ਰੋਡੈਕਟਾਂ ਨੂੰ ਕੀਤਾ ਜਾਵੇਗਾ ਸ਼ੁਗਰ ਫਰੀ : ਐਸਪੀ ਸਿੰਘ
· ਵੇਰਕਾ ਦਾ ਮਕਸਦ ਪ੍ਰੋਡੈਕਟਾਂ ਦੀ ਪਹੁੰਚ ਆਸਾਨ ਕਰਨਾ ਤੇ ਗੁਣਵੱਤਾ ਵਧਾਉਣਾ ਹੈ : ਸੁਖਪ੍ਰੀਤ ਸਿੰਘ
ਬਠਿੰਡਾ, 10 ਅਕਤੂਬਰ : ਸਥਾਨਕ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜ਼ਰ ਸ਼੍ਰੀ ਐਸਪੀ ਸਿੰਘ ਅਤੇ ਬੋਰਡ ਆਫ਼ ਡਾਇਰੈਕਟਰ ਸੁੱਖੀ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਹੋਈ ਇਸ ਮੀਟਿੰਗ ਵਿੱਚ ਢਾਬਾ ਐਸੋਸੀਏਸ਼ਨ ਬਠਿੰਡਾ ਦੇ ਨੁਮਾਇੰਦਿਆਂ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਸ਼੍ਰੀਮਤੀ ਊਸ਼ਾ ਗੋਇਲ ਵਿਸੇਸ਼ ਤੌਰ ਮੌਜੂਦ ਰਹੇ।
ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜ਼ਰ ਸ਼੍ਰੀ ਐਸਪੀ ਸਿੰਘ ਵਲੋਂ ਵੇਰਕਾ ਦੁਆਰਾ ਤਿਆਰ ਕੀਤੇ ਗਏ ਨਵੇਂ ਪ੍ਰੋਡੈਕਟਾਂ ਜਿਨ੍ਹਾਂ ਚ ਦਹੀ 6 ਲੀਟਰ ਪੈਕਟ, ਲੋਅ ਫੈਟ ਪਨੀਰ ਅਤੇ ਵੇਰਕਾ ਇੱਕ ਲੀਟਰ ਕਰੀਮ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾ ਵੇਰਕਾ ਵਲੋਂ ਤਿਆਰ ਕੀਤੇ ਜਾ ਰਹੇ ਪ੍ਰੋਡੈਕਟਾਂ ਦੀ ਕੁਆਲਿਟੀ ਅਤੇ ਸ਼ੁੱਧਤਾ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਵਲੋਂ ਭਵਿੱਖ ਵਿੱਚ ਲੱਸੀ, ਖੀਰ ਅਤੇ ਹੋਰ ਪ੍ਰੋਡੈਕਟਾਂ ਨੂੰ ਸ਼ੁਗਰ ਫਰੀ ਕੀਤਾ ਜਾਵੇਗਾ।
ਇਸ ਦੌਰਾਨ ਬੋਰਡ ਆਫ਼ ਡਾਇਰੈਕਟਰ ਸ਼੍ਰੀ ਸੁਖਪ੍ਰੀਤ ਸਿੰਘ ਨੇ ਮੀਟਿੰਗ ਵਿੱਚ ਸ਼ਾਮਲ ਐਸੋਸੀਏਸ਼ਨ ਦੇ ਨੁਮਾਦਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵੇਰਕਾ ਦੀ ਅਹਿਮ ਕੜੀ ਦੱਸਦਿਆਂ ਵੇਰਕਾ ਦੇ ਪ੍ਰੋਡੈਕਟ ਵੱਧ ਤੋਂ ਵੱਧ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵੇਰਕਾ ਦਾ ਮੁੱਖ ਮਕਸਦ ਵੇਰਕਾ ਦੁਆਰਾ ਤਿਆਰ ਕੀਤੇ ਜਾਂਦੇ ਪ੍ਰੋਡੈਕਟਾਂ ਦੀ ਗੁਣਵੱਤਾ ਨੂੰ ਵਧਾਉਣਾ ਤੇ ਆਮ ਲੋਕਾਂ ਤੱਕ ਇਸ ਦੀ ਪਹੁੰਚ ਆਸਾਨ ਕਰਨਾ ਹੈ।
ਇਸ ਦੌਰਾਨ ਢਾਬਾ ਐਸੋਸੀਏਸ਼ਨ ਦੇ ਨੁਮਾਂਇੰਦਿਆਂ ਕੋਲੋਂ ਜਿੱਥੇ ਲੋੜੀਂਦੇ ਸੁਝਾਅ ਲਏ ਗਏ ਉੱਥੇ ਉਨ੍ਹਾਂ ਨੂੰ ਵੇਰਕਾ ਪ੍ਰੋਡੈਕਟਾਂ ਸਬੰਧੀ ਆਪਣੀ ਫੀਡ ਬੈਕ ਦੇਣ ਲਈ ਵੀ ਕਿਹਾ ਗਿਆ।
ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਮੈਨੇਜ਼ਰ ਮਾਰਕੀਟਿੰਗ ਸ਼੍ਰੀ ਅਭੀਨਵ, ਸ਼੍ਰੀ ਜਗਦੀਪ ਸਿੰਘ ਮੁਹਾਲਾ, ਢਾਬਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਿੰਦਰ ਸੋਨੀ ਤੇ ਹੋਰ ਨੁਮਾਂਦਿਆਂ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।