You are currently viewing ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਯਤਨਸ਼ੀਲ : ਲਵਜੀਤ ਕਲਸੀ

ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਯਤਨਸ਼ੀਲ : ਲਵਜੀਤ ਕਲਸੀ

ਬਠਿੰਡਾ, 6 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ ਦੀ ਯੋਗ ਅਗਵਾਈ ਹੇਠ ਸਥਾਨਕ ਡਿਊਨਸ ਕਲੱਬ ਵਿਖੇ ਭਾਰਤ ਤੇ ਪੰਜਾਬ ਸਰਕਾਰ ਵਲੋਂ ਪੀਐਮਐਫ਼ਐਮਈ ਸਕੀਮ ਤਹਿਤ ਲਘੂ/ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਉਦਯੋਗ ਕੇਂਦਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਸਾਂਝੇ ਤੌਰ ਤੇ ਲਗਾਏ ਗਏ ਇਸ ਕੈਂਪ ਦੌਰਾਨ ਵੱਖ-ਵੱਖ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਭਗਾਂ ਤੋਂ ਇਲਾਵਾ ਅਗਾਂਹਵਧੂ ਉਦਮੀਆਂ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਇਸ ਜਾਗਰੂਕਤਾ ਕੈਂਪ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਵਿਅਕਤੀਗਤ ਇਕਾਈਆਂ, ਮੌਜੂਦਾ ਲਘੂ/ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਅਤੇ ਨਵੇਂ ਉਦਮੀਆਂ ਨੂੰ ਯੂਨਿਟ ਦੀ ਉਸਾਰੀ ਅਤੇ ਮਸ਼ੀਨਾਂ ਦੇ ਖਰਚੇ ਦੀ ਲਾਗਤ ਦਾ 35 ਫ਼ੀਸਦੀ ਕ੍ਰੈਡਿਟ ਲਿੰਕਡ ਕੈਪੀਟਲ ਸਡਸਿਡੀ ਵਜੋਂ ਵੱਧ ਤੋਂ ਵੱਧ 10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਸੰਸਥਾਵਾਂ ਇੰਡਵਿਜੂਅਲ, ਪ੍ਰੋਪਰਾਈਟੋਸ਼ਿਪ, ਪਾਰਟਨਰਸ਼ਿਪ ਫਰਮ, ਸਵੈ ਸਹਾਇਤਾ ਸਮੂਹ, ਕਿਸਾਨ ਉਤਪਾਦਕ ਸੰਸਥਾਵਾਂ, ਸਹਿਕਾਰੀ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਸਕੀਮ ਤਹਿਤ ਲਾਹਾ ਲੈ ਸਕਦੀਆਂ ਹਨ।
ਇਸ ਮੌਕੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਰਜਨੀਸ਼ ਤੁਲੀ ਨੇ ਉਦਮੀਆਂ ਨੂੰ ਇਸ ਸਕੀਮ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਹੁਣ ਤੱਕ 1250 ਤੋਂ ਵਧੇਰੇ ਲਾਭਪਾਤਰੀਆਂ ਨੂੰ 103 ਕਰੋੜ ਰੁਪਏ ਦੀ ਸਬਸਿਡੀ ਮਨਜੂਰ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਂਝਾਂ ਬੁਨਿਆਦੀ ਢਾਂਚਾ ਕਿਸਾਨ ਉਤਪਾਦਕ ਸੰਸਥਾਵਾਂ, ਸਵੈ ਸਹਾਇਤਾ ਸਮੂਹ, ਸਹਿਕਾਰੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਫੂਡ ਪ੍ਰੋਸੈਸਿੰਗ ਯੂਨਿਟ ਅਤੇ ਸਾਂਝਾ ਬੁਨਿਆਦੀ ਢਾਂਚਾ ਸਥਾਪਤ ਕਰਨ ਤੇ 35 ਫ਼ੀਸਦੀ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਵਜੋਂ ਵੱਧ ਤੋਂ ਵੱਧ 3 ਕਰੋੜ ਰੁਪਏ ਦਿੱਤੇ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਰਜਨੀਸ਼ ਤੁਲੀ ਨੇ ਦੱਸਿਆ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਸਟੇਟ ਨੋਡਲ ਏਜੰਸੀ ਦੁਆਰਾ ਗੁੜ, ਦੁੱਧ ਤੋਂ ਬਣੇ ਉਤਪਾਦ, ਆਟਾ, ਚਾਵਲ, ਸ਼ਹਿਦ, ਬੇਕਰੀ, ਪਸ਼ੂ ਖੁਰਾਕ, ਹਲਦੀ, ਫਲ-ਸਬਜ਼ੀਆਂ ਦੇ ਉਤਪਾਦ ਆਦਿ ਨਾਲ ਜੁੜੀਆਂ ਲਘੂ/ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਸਕੀਮ ਦਾ ਫਾਇਦਾ ਲੈ ਸਕਦੀਆਂ ਹਨ।
ਇਸ ਜਾਗਰੂਕਤਾ ਕੈਂਪ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਉਦਮੀਆਂ ਨੂੰ ਖੇਤੀ ਅਧਾਰਤ ਨਵੀਆਂ ਇਕਾਈਆਂ ਖੋਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਉਨ੍ਹਾਂ ਦੀ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਇਕਾਈਆਂ ਲਗਾਉਣ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ।
ਕੈਂਪ ਦੌਰਾਨ ਫ਼ੂਡ ਪ੍ਰੋਸੈਸਿੰਗ ਕਿੱਤਿਆਂ ਵਿੱਚ ਸਫ਼ਲਤਾਂ ਹਾਸਲ ਕਰਨ ਵਾਲੇ ਅਗਾਂਹਵਧੂ ਉਦਮੀਆਂ ਨੇ ਆਪੋਂ-ਆਪਣੇ ਤਜਰਬੇ ਸਾਂਝੇ ਕਰਦਿਆਂ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕੀਤੀ। ਉਨ੍ਹਾ ਹੋਰਨਾਂ ਚਾਹਵਾਨ ਵਿਅਕਤੀਆਂ ਨੂੰ ਫੂਡ ਪ੍ਰੋਸੈਸਿੰਗ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ।
ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਆਪੋਂ-ਆਪਣੇ ਕਿੱਤੇ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਉਦਮੀਆਂ ਵਲੋਂ ਲਗਾਈਆਂ ਗਈਆਂ ਖਾਣ-ਪੀਣ ਵਾਲੀਆਂ ਸਟਾਲਾਂ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਸਬੰਧਤ ਸਟਾਲਾਂ ਲਗਾਉਣ ਵਾਲੇ ਉਦਮੀਆਂ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਕੋਲੋਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਦੀ ਹੌਂਸਲਾਂ-ਅਫ਼ਜਾਈ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿਵਾਇਆ।