“ਸੀ.ਐਮ. ਦੀ ਯੋਗਸ਼ਾਲਾ” ਦਾ 625 ਤੋਂ ਵਧੇਰੇ ਸ਼ਹਿਰ ਵਾਸੀ ਲੈ ਰਹੇ ਹਨ ਲਾਹਾ : ਸ਼ੌਕਤ ਅਹਿਮਦ ਪਰੇ
• ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਚੱਲ ਰਹੀਆਂ ਹਨ 25 ਸੀਐਮ ਯੋਗਸ਼ਾਲਾਵਾ
• 7669-400-500 ਤੇ ਮਿਸਡ ਕਾਲ ਦੇ ਕੇ ਮੁਫ਼ਤ ਚ ਜੁੜ ਸਕਦੇ ਹਨ ਸ਼ਹਿਰ ਵਾਸੀ
ਬਠਿੰਡਾ, 5 ਅਕਤੂਬਰ : ਸੀ.ਐਮ.ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਨਿਵੇਕਲੀ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਆਮ ਲੋਕਾਂ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਸੀਐਮ ਦੀ ਯੋਗਸ਼ਾਲਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ 21 ਜੂਨ ਤੋਂ ਸ਼ੁਰੂ ਹੋਈ ਸੀਐਮ ਦੀ ਯੋਗਸ਼ਾਲਾ ਤਹਿਤ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਕਰੀਬ 25 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਚ ਲਗਭਗ 625 ਤੋਂ ਵਧੇਰੇ ਸ਼ਹਿਰ ਵਾਸੀ ਇਨ੍ਹਾਂ ਯੋਗਾ ਕਲਾਸਾਂ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਯੋਗਸ਼ਾਲਾਵਾਂ ਚ 9 ਸਿਖਲਾਈ ਕੋਚ ਕੰਮ ਕਰ ਰਹੇ ਹਨ। ਇਹ ਯੋਗ ਕਲਾਸਾਂ ਸਥਾਨਕ ਰੋਜ਼ਗਾਰਡਨ, ਸਰਕਾਰੀ ਰਜਿੰਦਰਾ ਕਾਲਜ, ਯੋਗਰ ਪਾਰਕ, ਕਿਲ੍ਹਾ ਮੁਬਾਰਕ ਸਾਹਿਬ, ਗਰੀਨ ਸਿਟੀ, ਸੁਸ਼ਾਤ ਸਿਟੀ ਅਤੇ ਕੇਸ਼ਵ ਪਾਰਕ ਆਦਿ ਥਾਵਾਂ ਤੇ ਚੱਲ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਮ ਯੋਗਸ਼ਾਲਾ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 76694-00500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ਤੇ ਲੌਗਿਇੰਨ ਕਰ ਸਕਦੇ ਹਨ।