You are currently viewing ਗ਼ਰੀਬਾਂ ਦੇ ਦਰਦ ਨੂੰ ਸਮਝਿਆ ਜਾਵੇ ਆਪਣਾ ਦਰਦ: ਡਿਪਟੀ ਕਮਿਸ਼ਨਰ

ਗ਼ਰੀਬਾਂ ਦੇ ਦਰਦ ਨੂੰ ਸਮਝਿਆ ਜਾਵੇ ਆਪਣਾ ਦਰਦ: ਡਿਪਟੀ ਕਮਿਸ਼ਨਰ

 

  • ਗ਼ਰੀਬਾਂ ਦੇ ਦਰਦ ਨੂੰ ਸਮਝਿਆ ਜਾਵੇ ਆਪਣਾ ਦਰਦ: ਡਿਪਟੀ ਕਮਿਸ਼ਨਰ

• 31 ਮਾਰਚ ਤੋਂ ਪਹਿਲਾਂ-ਪਹਿਲਾਂ ਬੱਚਿਆਂ ਚ ਕੁਪੋਸ਼ਣ ਦੀ ਬਿਮਾਰੀ ਦਾ ਖਾਤਮਾ ਕਰਨਾ ਬਣਾਇਆ ਜਾਵੇ ਯਕੀਨੀ

• ਵਧੀਆ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

• ਪੋਸ਼ਣ ਅਭਿਆਨ ਤਹਿਤ ਕਿਤਾਬਚਾ ਕੀਤਾ ਗਿਆ ਜਾਰੀ

ਬਠਿੰਡਾ, 5 ਅਕਤੂਬਰ : ਗ਼ਰੀਬਾਂ ਦੇ ਦਰਦ ਨੂੰ ਹਮੇਸ਼ਾ ਹੀ ਆਪਣਾ ਦਰਦ ਸਮਝਦਿਆਂ ਜੇਕਰ ਉਨ੍ਹਾਂ ਦੀ ਸੱਚੀ ਭਾਵਨਾ ਨਾਲ ਤਨੋ-ਮਨੋ ਸੇਵਾ ਕੀਤੀ ਜਾਵੇ ਤਾਂ ਉਹ ਕਦੇ ਵੀ ਵਿਅਰਥ ਨਹੀਂ ਜਾਂਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੋਸ਼ਣ ਅਭਿਆਨ ਤਹਿਤ ਕੀਤੇ ਗਏ ਕਾਰਜਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਪ ਮੰਡਲ ਮੈਜਿਸਟ੍ਰੇਟ ਮੈਡਮ ਇਨਾਯਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕੀਰਆਂ ਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਕੁਪੋਸ਼ਣ ਮੁਕਤ ਕਰਨ ਲਈ ਬੱਚਿਆਂ ਨੂੰ ਸਹੀ ਖਾਣਾ ਦੇਣਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਮਾਰੀ ਦੇ ਖਾਤਮੇ ਲਈ ਸਿਰਫ਼ ਟੀਚੇ ਨੂੰ ਮੁੱਖ ਨਾ ਰੱਖਿਆ ਜਾਵੇ ਸਗੋਂ ਜ਼ਮੀਨੀ ਪੱਧਰ ਤੇ ਕੰਮ ਕਰਨਾ ਲਾਜ਼ਮੀ ਬਣਾਇਆ ਜਾਵੇ।

ਉਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਇਹ ਵੀ ਕਿਹਾ ਕਿ 31 ਮਾਰਚ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਅੰਦਰ ਬੱਚਿਆਂ ਚ ਕੁਪੋਸ਼ਣ ਦੀ ਬਿਮਾਰੀ ਦਾ ਖਾਤਮਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਬੱਚਾ ਕੁਪੋਸ਼ਣ ਦੀ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਭਰੋਸਾ ਦਿਉਂਦਿਆਂ ਕਿਹਾ ਕਿ ਕੁਪੋਸ਼ਣ ਬਿਮਾਰੀ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸਾਸਨ ਵਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੋਸ਼ਣ ਅਭਿਆਨ ਤਹਿਤ ਚੰਗੇਰੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਤੰਤਰਤਾ ਤੇ ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਵਿੱਚ ਕੁਪੋਸ਼ਣ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਵਲੋਂ 0-6 ਸਾਲ ਦੀ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ਵਿੱਚ ਸੁਧਾਰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਸ਼ਣ ਅਭਿਆਨ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਸਟੰਟਿਗ ਨੂੰ ਰੋਕਣਾ, ਬੱਚਿਆਂ ਵਿੱਚ ਘੱਟ ਪੋਸ਼ਣ ਨੂੰ ਰੋਕਣਾ, ਛੋਟੇ ਬੱਚਿਆਂ ਵਿੱਚ ਅਮੀਨੀਆ ਦੇ ਪ੍ਰਸਾਰ ਨੂੰ ਘਟਾਉਣਾ, 15-49 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਅਤੇ ਕਿਸ਼ੋਰ ਲੜਕੀਆਂ ਵਿੱਚ ਅਨੀਮੀਆ ਦੇ ਪ੍ਰਸਾਰ ਨੂੰ ਘਟਾਉਣਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਸ਼ਣ ਅਭਿਆਨ ਤਹਿਤ ਜ਼ਿਲ੍ਹੇ ਚ ਕੁਪੋਸ਼ਣ ਦੇ ਹੱਲ ਲਈ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਯੋਜਨਾਵਾਂ ਦੀ ਮੈਪਿੰਗ, ਬਲਾਕ-ਜ਼ਿਲ੍ਹਾ ਅਤੇ ਰਾਜ ਪੱਧਰ ਤੇ ਕਨਵਰਜੈਂਸ ਕਮੇਟੀਆਂ ਦਾ ਗਠਨ, ਸੂਚਨਾ ਅਤੇ ਸੰਚਾਰ ਤਕਨਾਲੋਜ਼ੀ ਨੇ ਸਮਾਰਟ ਫੋਨਾਂ ਰਾਹੀਂ ਰੀਅਲ ਟਾਇਮ ਨਿਗਰਾਨੀ ਨੂੰ ਸਮਰੱਥ ਬਣਾਉਣਾ, ਆਂਗਣਵਾੜੀ ਵਰਕਰਾਂ ਨੂੰ ਆਈ.ਟੀ. ਅਧਾਰਿਤ ਟੂਲ ਦੀ ਵਰਤੋਂ ਕਰਨ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਵਰਤੇ ਜਾਂਦੇ ਰਜਿਸਟਰਾਂ ਨੂੰ ਖਤਮ ਕਰਨ ਲਈ ਉਤਸ਼ਾਹਿਤ ਕਰਨਾ, ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਦੇ ਵਾਧੇ ਦੀ ਨਿਯਮਤ ਨਿਗਰਾਨੀ, ਮਹੀਨਾਵਾਰ ਕਮਿਊਨਿਟੀ ਆਧਾਰਿਤ ਸਮਾਗਮ ਅਤੇ ਪਿੰਡ ਦੀ ਸਿਹਤ ਸਵੱਛਤਾ ਅਤੇ ਪੋਸ਼ਣ ਦਿਵਸ, ਆਪਸੀ ਮਦਦ ਨਾਲ ਅਭਿਆਨ ਨੂੰ ਜਨ ਅੰਦੋਲਣ ਵਿੱਚ ਬਦਲਣਾ ਆਦਿ ਹੈ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਸ਼ਾਲਿਨੀ ਜਿੰਦਲ ਨੇ ਪੋਸ਼ਣ ਟਰੈਕਰ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਟਰੈਕਰ ਇੱਕ ਮੋਬਾਇਲ ਆਧਾਰਤ ਐਪਲੀਕੇਸ਼ਨ ਹੈ ਜੋ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੁਆਰਾ 1 ਮਾਰਚ 2021 ਨੂੰ ਨੈਸ਼ਨਲ ਈ-ਗਵਰਨਸ ਡਿਵੀਜਨ ਦੁਆਰਾ ਇੱਕ ਮਹੱਤਵਪੂਰਨ ਗਵਰਨੈਸ ਟੂਲ ਵਜੋ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਟਰੈਕਰ ਅਧੀਨ ਟੈਕਨਾਲੋਜ਼ੀ ਦਾ ਬੱਚਿਆਂ ਵਿੱਚ ਸਟੰਟਿੰਗ, ਘੱਟ ਵਜ਼ਨ ਦੀ ਗਤੀਸ਼ੀਲ ਪਛਾਣ ਅਤੇ ਪੌਸ਼ਟਿਕ ਸੇਵਾ ਪ੍ਰਦਾਨ ਕਰਨ ਅਤੇ ਆਖ਼ਰੀ ਮੀਲ ਦੀ ਟਰੈਕਿੰਗ ਲਈ ਲਾਭ ਉਠਾਇਆ ਜਾ ਰਿਹਾ ਹੈ।

ਇਸ ਮੌਕੇ ਪੋਸ਼ਣ ਅਭਿਆਨ ਸਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਜਸਬੀਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਖੁਸ਼ਬੀਰ ਕੌਰ, ਸੀਡੀਪੀਓ ਬਠਿੰਡਾ ਮੈਡਮ ਊਸ਼ਾ ਰਾਣੀ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਸੁਪਰਵਾਈਜ਼ਰਜ਼, ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।