You are currently viewing ਅਦਾਰਾ ਸੀ-ਪਾਈਟ ਨੌਜਵਾਨਾਂ ਲਈ ਹੋ ਰਿਹਾ ਸਹਾਈ ਸਿੱਧ : ਡਿਪਟੀ ਕਮਿਸ਼ਨਰ

ਅਦਾਰਾ ਸੀ-ਪਾਈਟ ਨੌਜਵਾਨਾਂ ਲਈ ਹੋ ਰਿਹਾ ਸਹਾਈ ਸਿੱਧ : ਡਿਪਟੀ ਕਮਿਸ਼ਨਰ

 

ਅਦਾਰਾ ਸੀ-ਪਾਈਟ ਨੌਜਵਾਨਾਂ ਲਈ ਹੋ ਰਿਹਾ ਸਹਾਈ ਸਿੱਧ : ਡਿਪਟੀ ਕਮਿਸ਼ਨਰ

• 1 ਅਪ੍ਰੈਲ ਤੋਂ ਹੁਣ ਤੱਕ 513 ਨੌਜਵਾਨ ਲੈ ਚੁੱਕੇ ਹਨ ਸਿਖਲਾਈ

• ਮੌਜੂਦਾ ਸਮੇਂ 241 ਨੌਜਵਾਨਾਂ ਦੀ ਚੱਲ ਰਹੀ ਹੈ ਟ੍ਰੇਨਿੰਗ

ਬਠਿੰਡਾ, 4 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਤੇ ਵਚਨਬੱਧ ਹੈ। ਇਸੇ ਤਹਿਤ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਵਿਖੇ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਬਠਿੰਡਾ ਸਮੇਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਦਾਰੇ ਸੀ-ਪਾਈਟ ਵਲੋਂ 1 ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ 513 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਉਨ੍ਹਾਂ ਨੂੰ ਡਿਫ਼ੈਸ ਨਾਲ ਸਬੰਧਤ ਰੋਜ਼ਗਾਰ ਦੇ ਕਾਬਿਲ ਬਣਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 241 ਨੌਜਵਾਨਾਂ ਦੀ ਸਿਖਲਾਈ ਚੱਲ ਰਹੀ ਹੈ।

ਸੀ ਪਾਇਟ ਬਾਰੇ ਹੋਰ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਥੇ ਆਰਮੀ, ਬੀਐਸਐਫ਼, ਸੀਆਰਪੀਐਫ਼, ਆਈਟੀਬੀਪੀ, ਪੰਜਾਬ ਪੁਲਿਸ, ਦਿੱਲੀ ਪੁਲਿਸ, ਨੇਵੀ, ਏਅਰ ਫੋਰਸ ਤੇ ਸਾਰੀਆਂ ਹਥਿਆਰਬੰਦ ਸੈਨਾਵਾਂ ਦੀ ਨੌਜਵਾਨਾਂ ਨੂੰ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 18 ਤੋਂ 35 ਸਾਲ ਤੱਕ ਦੇ ਨੌਜਵਾਨ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਕਿਸੇ ਕਾਰਨ ਕਿਸੇ ਭਰਤੀ ਦੇ ਯੋਗ ਨਹੀਂ ਹਨ, ਉਨ੍ਹਾਂ ਨੂੰ ਲੁਧਿਆਣਾ ਵਿਖੇ ਲਿਮਟਿਡ ਫ਼ੈਕਟਰੀਆਂ ਚ ਨੌਕਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 3 ਮਹੀਨੇ ਖਾਣਾ ਅਤੇ ਰਿਹਾਇਸ਼ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਮੌਕੇ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਿਜੀਕਲ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਨੌਜਵਾਨ ਵਧੇਰੇ ਜਾਣਕਾਰੀ ਲਈ 94641-52013, 95493-00001, 94638-31615 ‘ਤੇ ਸੰਪਰਕ ਕਰ ਸਕਦੇ ਹਨ।