ਅਗਾਂਹਵਧੂ ਸੋਚ ਨਾਲ ਨੌਜਵਾਨ ਤੇ ਦੇਸ਼ ਕਰ ਸਕਦੇ ਹਨ ਤਰੱਕੀ
: ਸ਼ੌਕਤ ਅਹਿਮਦ ਪਰੇ
ਕਿਹਾ, ਹਰ ਨੌਜਵਾਨ ਦਾ ਵਿਗਿਆਨ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ
ਬਠਿੰਡਾ, 4 ਅਕਤੂਬਰ : ਅਗਾਂਹਵਧੂ ਸੋਚ ਨਾਲ ਹੀ ਨੌਜਵਾਨ ਤੇ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ। ਹਰ ਨੌਜਵਾਨ ਦਾ ਵਿਗਿਆਨ ਪ੍ਰਤੀ ਜਾਗਰੂਕ ਹੋਣਾ ਵੀ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜੀ ਇੰਨ ਇੰਡੀਆ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਡੀਏਵੀ ਕਾਲਜ ਵਿਖੇ ਪਹਿਲੇ ਵਿਲੱਖਣ ਫ਼ੈਸਟੀਵਲ ਆਫ਼ ਸਾਇੰਸ-ਵਿਗਿਆਨ ਉਤਸਵ ਮੇਲੇ ਦੀ ਸ਼ੁਰੂਆਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਤਿੰਨ ਰੋਜ਼ਾ “ਵਿਗਿਆਨ ਉਤਸਵ” ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਨਾਲ ਵਿਸ਼ੇਸ਼ ਤੌਰ ਤੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਦੇ ਏਅਰ ਕਮਾਂਡਰ ਸ਼੍ਰੀ ਪ੍ਰੇਮ ਕੁਮਾਰ ਕ੍ਰਿਸ਼ਨਾ ਸਵਾਮੀ, ਪ੍ਰਧਾਨ ਤੇ ਸੇਵਾ ਮੁਕਤ (ਆਈਏਐਸ) ਸਾਬਕਾ ਚੀਫ਼ ਸੈਕਟਰੀ ਹਰਿਆਣਾ ਸ਼੍ਰੀ ਧਰਮਵੀਰ, ਸਾਬਕਾ ਵੀਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਸੁਸਾਇਟੀ ਦੇ ਉਪ ਪ੍ਰਧਾਨ ਪ੍ਰੋ: ਅਰੁਣ ਕੇ ਗਰੋਵਰ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਗਿਆਨ ਬਹੁਤ ਤਰੱਕੀ ਕਰ ਚੁੱਕੀ ਹੈ, ਜਿਸ ਸਦਕਾ ਹੀ ਅਸੀਂ ਚੰਦ ਤੱਕ ਪਹੁੰਚ ਚੁੱਕੇ ਹਾਂ। ਇਹ ਸਭ ਵਿਗਿਆਨ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਗਿਆਨ ਸਾਨੂੰ ਜਿੱਥੇ ਪੁਰਾਣੀਆਂ ਕੁਰੀਤੀਆਂ ਤੋਂ ਮੁਕਤੀ ਦਿਵਾਉਂਦਾ ਹੈ ਉੱਥੇ ਹੀ ਨਵੀਆਂ ਖੋਜਾਂ ਸਦਕਾ ਦੇਸ਼ ਤਰੱਕੀ ਦੇ ਰਾਹਾਂ ਤੇ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਦੇ ਏਅਰ ਕਮਾਂਡਰ ਸ਼੍ਰੀ ਪ੍ਰੇਮ ਕੁਮਾਰ ਕ੍ਰਿਸ਼ਨਾ ਸਵਾਮੀ ਵਲੋਂ ਇਸ ਤਿੰਨ ਰੋਜ਼ਾ “ਵਿਗਿਆਨ ਉਤਸਵ” ਦਾ ਰਿਬਨ ਕੱਟ ਕੇ ਅਤੇ ਸ਼ਮਾ ਰੌਸ਼ਨ ਕਰਕੇ ਉਦਘਾਟਨ ਕੀਤਾ ਗਿਆ।
“ਵਿਗਿਆਨ ਉਤਸਵ” ਦੌਰਾਨ ਸਾਬਕਾ ਵੀਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਸੁਸਾਇਟੀ ਦੇ ਉਪ ਪ੍ਰਧਾਨ ਪ੍ਰੋ: ਅਰੁਣ ਕੇ ਗਰੋਵਰ ਵਲੋਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਹਾਲ ਵਿਖੇ ਪ੍ਰਸਿੱਧ ਵਿਗਿਆਨੀਆਂ ਵਲੋਂ ਦੇਸ਼ ਦੀ ਤਰੱਕੀ ਚ ਪਾਏ ਗਏ ਵਡਮੁੱਲੇ ਯੋਗਦਾਨ ਬਾਰੇ ਵਿਸਥਾਰਪੂਵਕ ਚਾਨਣਾ ਪਾਇਆ ਗਿਆ।
“ਵਿਗਿਆਨ ਉਤਸਵ” ਦੌਰਾਨ ਐਨਡੀਆਰਐਫ਼, ਭਾਰਤੀ ਸੈਨਾ ਅਤੇ ਏਅਰ ਫੋਰਸ ਵਲੋਂ ਆਧੁਨਿਕ ਹਥਿਆਰਾਂ ਦੀਆਂ ਲਗਾਈਆਂ ਪ੍ਰਦਰਸ਼ਨੀਆਂ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਸਾਇੰਸ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਹੀਆਂ। ਇਹ ਪ੍ਰਦਰਸ਼ਨੀਆਂ 5 ਅਤੇ 6 ਅਕਤੂਬਰ ਨੂੰ ਵੀ ਜਾਰੀ ਰਹਿਣਗੀਆਂ।
ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਵੀ ਕੀਤਾ ਗਿਆ।