–ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਇਕੱਠੀ ਕੀਤੀ ਗਈ ਮਿੱਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸਪੁਰਦ
–ਦੇਸ਼ ਭਗਤੀ ਦੇ ਗੀਤਾਂ ਅਤੇ ਨਾਹਰਿਆਂ ਨਾਲ ਗੂੰਜੇ ਪ੍ਰਾਇਮਰੀ ਸਕੂਲ
ਬਠਿੰਡਾ, 1 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੇ ਪ੍ਰੋਜੈਕਟ “ਵੀਰ ਗਾਥਾ” ਅਤੇ “ਮੇਰੀ ਮਿੱਟੀ ਮੇਰਾ ਦੇਸ” ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਮਹਿੰਦਰਪਾਲ ਸਿੰਘ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਸਫ਼ਲਤਾ ਪੂਰਵਕ ਚਲਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਸਿੱ) ਭੁਪਿੰਦਰ ਕੌਰ ਨੇ ਕਿਹਾ ਕਿ “ਵੀਰ ਗਾਥਾ” ਅਤੇ “ਮੇਰੀ ਮਿੱਟੀ ਮੇਰਾ ਦੇਸ” ਪ੍ਰੋਜੈਕਟ ਰਾਹੀਂ ਬਠਿੰਡਾ ਜ਼ਿਲ੍ਹਾ ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਦੇਸ਼ ਲਈ ਮਰ ਮਿਟਣ ਵਾਲੇ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਮਹਾਨ ਸਪੂਤਾਂ ਦੀ ਸ਼ਹਾਦਤ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਪ੍ਰੋਜੈਕਟ ਰਾਹੀਂ ਵਿਦਿਆਰਥੀਆਂ ਦੇ ਕਵਿਤਾ, ਪੈਰਾ, ਵੀਡੀਓ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ, ਜਿਸ ਰਾਹੀਂ ਵਿਦਿਆਰਥੀਆਂ ਦੁਆਰਾ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਕੂਲਾਂ ਦੁਆਰਾ ਪਿੰਡਾਂ ਵਿੱਚ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ। ਇਨ੍ਹਾਂ ਪ੍ਰਭਾਤ ਫੇਰੀਆਂ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਨਾਹਰੇ ਗੂੰਜਦੇ ਰਹੇ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਦੇਸ਼ ਪ੍ਰੇਮ ਪਿਆਰ ਪ੍ਰਤੀ ਸਹੁੰ ਚੁੱਕੀ ਗਈ। ਇਸ ਦੇ ਨਾਲ ਹੀ ਪਿੰਡਾਂ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਜਿਸ ਤਹਿਤ ਅੱਜ “ਮੇਰੀ ਮਿੱਟੀ ਮੇਰਾ ਦੇਸ਼” ਅਤੇ “ਵੀਰ ਗਾਥਾ” ਪ੍ਰੋਜੈਕਟ ਦੇ ਨੋਡਲ ਅਫਸਰ ਸੁਖਪਾਲ ਸਿੰਘ ਸਿੱਧੂ ਅਤੇ ਜਤਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਇਕੱਠੀ ਕੀਤੀ ਗਈ ਮਿੱਟੀ ਸਥਾਨਕ ਆਰੀਆ ਸਮਾਜ ਚੌਂਕ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਕੋਲ ਨਤਮਸਤਕ ਹੋ ਕੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਦੇ ਸਪੁਰਦ ਕੀਤੀ ਗਈ। ਇਸ ਮੌਕੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਤੇ ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਵੱਖ-ਵੱਖ ਸਕੂਲਾਂ ਤੋਂ ਆਈ ਮਿੱਟੀ ਦਾ ਸਵਾਗਤ ਕੀਤਾ ਗਿਆ।
ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਖੇਡ ਇੰਚਾਰਜ਼ ਗੁਰਪ੍ਰੀਤ ਸਿੰਘ ਬਰਾੜ, “ਮੇਰੀ ਮਿੱਟੀ ਮੇਰਾ ਦੇਸ਼” ਅਤੇ “ਵੀਰ ਗਾਥਾ” ਪ੍ਰੋਜੈਕਟ ਦੇ ਨੋਡਲ ਅਫਸਰ ਜਤਿੰਦਰ ਕੁਮਾਰ ਸ਼ਰਮਾ ਅਤੇ ਸੁਖਪਾਲ ਸਿੰਘ ਸਿੱਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਰਪੂਰ ਸਿੰਘ, ਸੈਂਟਰ ਮੁੱਖ ਅਧਿਆਪਕਾਂ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ। ਇਸ ਮੌਕੇ ਸੈਂਟਰ ਹੈੱਡ ਟੀਚਰ ਬੇਅੰਤ ਕੌਰ, ਲਖਵੀਰ ਕੌਰ, ਭੁਪਿੰਦਰਜੀਤ ਸਿੰਘ ਬਰਾੜ, ਜਸਪ੍ਰੀਤ ਕੌਰ ਅਤੇ ਸਰਬਜੀਤ ਕੌਰ ਤੋਂ ਇਲਾਵਾ ਵੱਖ-ਵੱਖ ਅਧਿਆਪਕ ਹਾਜ਼ਰ ਸਨ।