• ਚਾਉਂਕੇ ਪਿੰਡ ਦਾ ਭਲਵਾਨ ਕਨੇਡਾ ਦੇ ਵਿਨੀਪੈਗ ‘ਚ ਦਿਖਾਏਗਾ ਆਪਣੀ ਕੁਸ਼ਤੀ ਦੇ ਜੌਹਰ
• “ਪੰਜਾਬ ਕੇਸਰੀ” ਦਾ ਖਿਤਾਬ ਵੀ ਕਰ ਚੁਕਿਆ ਆਪਣੇ ਨਾਮ
• 9 ਵਾਰ ਜਿੱਤ ਚੁਕਿਆ ਗੋਲਡ ਮੈਡਲ
ਬਠਿੰਡਾ, 16 ਮਈ (ਲਖਵਿੰਦਰ ਸਿੰਘ ਗੰਗਾ)
ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਪਿੰਡ ਚਾਉਂਕੇ ਦਾ ਪਹਿਲਵਾਨ ਗੁਰਸੇਵਕ ਸਿੰਘ ਕੁਸ਼ਤੀ ਮੁਕਾਬਲਿਆਂ ਵਿੱਚ ਮੱਲ੍ਹਾ ਮਾਰ ਕੇ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਮ ਚਮਕਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਭਲਵਾਨ ਨੂੰ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਤੇ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 2 ਲੱਖ ਰੁਪਏ ਦੀ ਨਗਦ ਰਾਸ਼ੀ ਇਨਾਮ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਭਲਵਾਨ ਗੁਰਸੇਵਕ ਸਿੰਘ ਨੇ ਸਾਲ 2022 ਚ ਗੁਜਰਾਤ ਵਿਖੇ ਹੋਈਆਂ ਖੇਡਾਂ ਸੀਨੀਅਰ ਨੈਸ਼ਨਲ ਗੇਮਜ਼ ਚ ਤੀਸਰਾ ਸਥਾਨ ਹਾਸਲ ਕਰਕੇ ਬਰਾਊਨਜ਼ ਮੈਡਮ ਆਪਣੇ ਨਾਮ ਕੀਤਾ ਹੈ।
ਜ਼ਿਲ੍ਹੇ ਦੇ ਪਿੰਡ ਚਾਉਂਕੇ ਦੇ ਵਸਨੀਕ ਪਿਤਾ ਸ. ਸੁਖਪਾਲ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਕੁੱਖੋਂ 10-7-1996 ਨੂੰ ਜਨਮੇ ਪਹਿਲਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਬੌਰਡਰ ਸਕਿਊਰਟੀ ਫੋਰਸ (ਬੀਐਸਫ਼) ਵਿਖੇ ਨੌਕਰੀ ਕਰ ਰਿਹਾ ਹੈ। ਉਹ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦੇ ਸਨ। ਕੁਸ਼ਤੀ ਖੇਡ ਵਿੱਚ ਉਹ ਹੁਣ ਤੱਕ ਆਪਣੀ ਮਿਹਨਤ ਤੇ ਲਗਨ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਅਨੇਕਾਂ ਮੈਡਲ ਪ੍ਰਾਪਤ ਕਰ ਚੁੱਕਾ ਹੈ।
ਇਸ ਹੋਣਹਾਰ ਪਹਿਲਵਾਨ ਨੇ ਹੋਰ ਦੱਸਿਆ ਕਿ ਉਹ ਆਪਣੀ ਕੁਸ਼ਤੀ ਦੇ ਜੌਹਰ ਦਿਖਾ ਕੇ ਹੁਣ ਤੱਕ 9 ਵਾਰ ਗੋਲਡ ਮੈਡਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚ ਹੋਈਆਂ ਖੇਡਾਂ ਦੌਰਾਨ 5 ਵਾਰ ਬੁਲਟ ਤੇ 10 ਵਾਰ ਛੋਟੇ ਮੋਟਰਸਾਈਕਲ, 12 ਮੱਝਾਂ-ਝੋਟੀਆਂ ਅਤੇ ਕਈ ਤੋਲੇ ਸੋਨੇ ਦੇ ਜਿੱਤ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜੁਲਾਈ ਤੇ ਅਗਸਤ 2023 ਦੌਰਾਨ ਵਰਲਡ ਪੁਲਿਸ ਗੇਮਜ਼ ਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਚ ਆਪਣੀ ਕੁਸ਼ਤੀ ਦੇ ਕਰਤੱਵ ਦਿਖਾਵੇਗਾ।
ਪਿੰਡ ਚਾਉਕੇ ਦੇ ਸਰਕਾਰੀ ਸਕੂਲ ਚ 5ਵੀਂ ਤੱਕ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਆਪਣੀ ਪੜ੍ਹਾਈ ਕੀਤੀ। ਸਾਲ 2005 ਤੋਂ ਭਲਵਾਨੀ ਕਰ ਰਹੇ ਗੁਰਸੇਵਕ ਸਿੰਘ ਨੇ ਭਾਰਤ ਦੇ ਵੱਖ-ਵੱਖ ਖੇਡ ਮੈਦਾਨਾਂ ਚ ਆਪਣੀ ਸਖ਼ਤ ਮਿਹਨਤ ਨਾਲ ਖਿਡਾਰੀਆਂ ਨੂੰ ਹਰਾ ਕੇ ਲੋਹਾ ਮਨਵਾਇਆ ਹੈ। ਗੁਰਸੇਵਕ ਦਾ ਕਹਿਣਾ ਹੈ ਕਿ ਉਸ ਨੇ ਸਾਲ 2008 ਚ ਤਰਨਤਾਰਨ ਵਿਖੇ ਹੋਈਆਂ ਕੁਸ਼ਤੀ ਖੇਡਾਂ ਚ ਅੰਡਰ-17 ਵਿੱਚ ਆਪਣੀ ਕੁਸ਼ਤੀ ਦੇ ਜਲਵੇ ਦਿਖਾਏ ਜਿਸ ਵਿੱਚ ਉਹ ਪੰਜਾਬ ਚੋਂ ਦੂਜੇ ਨੰਬਰ ਤੇ ਰਹੇ। ਇਸ ਉਪਰੰਤ ਉਹ ਦਿੱਲੀ ਵਿਖੇ ਹੋਈਆਂ ਖੇਡਾਂ ਸਕੂਲ ਨੈਸ਼ਨਲ ਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਲ 2010 ਅੰਡਰ-17 ਚ ਸਿਰਸਾ (ਹਰਿਆਣਾ) ਵਿਖੇ ਹੋਈਆਂ ਪੇਂਡੂ ਖੇਡਾਂ ਚੋ ਗੋਡਲ ਮੈਡਲ ਜਿੱਤ ਕਿ ਨੈਸ਼ਨਲ ਫਸਟ ਆਏ।
ਭਲਵਾਨ ਗੁਰਸੇਵਕ ਸਿੰਘ ਨੇ ਹੋਰ ਦੱਸਿਆ ਕਿ ਸਾਲ 2011 ਅਤੇ 2013 ਚ ਦਿੱਲੀ ਵਿਖੇ ਹੋਈਆਂ ਅੰਡਰ-19 ਸਕੂਲ ਨੈਸ਼ਨਲ ਖੇਡਾਂ ਚੋਂ ਵੀ ਪਹਿਲੇ ਸਥਾਨ ਤੇ ਆ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਸਾਲ 2012 ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਵਿਖੇ ਹੋਈਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਚ ਪਹਿਲੇ ਸਥਾਨ ਰਹੇ। ਇਸ ਮੌਕੇ ਉਨ੍ਹਾਂ 1 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਗੁਰਸੇਵਕ ਸਿੰਘ ਸਾਲ 2013 ਚ ਕੰਨਿਆ ਕੁਮਾਰੀ ਵਿਖੇ ਹੋਈਆਂ ਸਬ ਜੂਨੀਅਰ ਗੇਮਾਂ ਚ ਪਹਿਲੇ ਨੰਬਰ ਤੇ ਰਹੇ ਅਤੇ ਗੋਲਡ ਮੈਡਲ ਜਿੱਤਿਆ। ਇਸੇ ਸਾਲ ਦੌਰਾਨ ਉਹ ਸਬ ਜੂਨੀਅਰ ਏਸ਼ੀਆ ਚੈਪੀਅਨਸ਼ਿਪ ਕੁਸ਼ਤੀ ਚ ਦੂਸਰੇ ਨੰਬਰ ਤੇ ਰਹੇ ਅਤੇ ਸਬ ਜੂਨੀਅਰ ਵਰਲਡ ਚੈਂਪੀਅਨਸ਼ਿਪ ਚ ਵੀ ਹਿੱਸਾ ਲੈਂਦਿਆਂ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ।
ਪਹਿਲਵਾਨ ਗੁਰਸੇਵਕ ਸਿੰਘ ਨੇ ਸਾਲ 2014 ਚ ਸਬ ਜੂਨੀਅਰ ਕੁਸ਼ਤੀ ਖੇਡ ਵਿੱਚ ਤੀਜਾ ਸਥਾਨ ਹਾਸਲ ਕਰਕੇ ਬਰਾਊਨਜ਼ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਾਲ 2014-15 ਦੌਰਾਨ ਗੜ੍ਹਸ਼ੰਕਰ ਵਿਖੇ ਹੋਏ ਕੁਸ਼ਤੀ ਮੁਕਾਬਲੇ ਦੌਰਾਨ “ਪੰਜਾਬ ਕੇਸਰੀ” ਦਾ ਖਿਤਾਬ ਆਪਣੇ ਸਿਰ ਸਜਾਇਆ। ਇਸੇ ਤਰ੍ਹਾਂ ਉਹ ਸਾਲ 2015 ਚ ਕੇਰਲਾ ਵਿਖੇ ਹੋਈਆਂ ਸੀਨੀਅਰ ਨੈਸ਼ਨਲ ਗੇਮ ਚ ਦੂਜੇ ਨੰਬਰ ਤੇ (ਸਿਲਵਰ ਮੈਡਲ) ਅਤੇ ਕੁਰਕੁਸ਼ੇਤਰ ਵਿਖੇ ਹੋਈਆਂ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਚ ਬਰਾਊਨਜ਼ ਮੈਡਮ ਜਿੱਤ ਕੇ ਤੀਜੇ ਨੰਬਰ ਤੇ ਰਹੇ।
ਗੁਰਸੇਵਕ ਸਿੰਘ ਸਾਲ 2016 ਚ ਪਟਨਾ ਵਿਖੇ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਚੋਂ ਪਹਿਲੇ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਸਾਲ 2017 ਚ ਪੂਨੇ ਵਿਖੇ ਹੋਈਆ ਆਲ ਇੰਡੀਆ ਪੁਲਿਸ ਗੇਮਾਂ ਚੋਂ ਦੂਸਰੇ ਨੰਬਰ ਰਹੇ। ਸਾਲ 2018 ਚ ਜੈਪੁਰ (ਰਾਜਸਥਾਨ) ਵਿਖੇ ਹੋਈਆਂ ਆਲ ਇੰਡੀਆ ਪੁਲਿਸ ਗੇਮਾਂ ਚੋਂ 125 ਅਤੇ 130 ਕੇ.ਜੀ. ਭਾਰ ਦੋ ਵਾਰ ਖੇਡੇ ਜਿਨ੍ਹਾਂ ਵਿਚੋਂ ਤੀਸਰੀ ਪੁਜ਼ੀਸ਼ਨ ਹਾਸਲ ਕਰਕੇ ਬਰਾਊਨਜ਼ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਾਲ 2019 ਦੌਰਾਨ ਫ਼ਰੀਦਕੋਟ ਵਿਖੇ ਸਲਾਨਾ ਬਾਬਾ ਫ਼ਰੀਦ ਮੇਲੇ ਦੌਰਾਨ ਕੁਸ਼ਤੀ “ਪੰਜਾਬ ਕੇਸਰੀ” ਦਾ ਟਾਈਟਲ ਆਪਣੇ ਸਿਰ ਸਜਾਇਆ।
ਭਲਵਾਨ ਗੁਰਸੇਵਕ ਦਾ ਕਹਿਣਾ ਹੈ ਕਿ ਉਹ ਮਹਾਰਾਸ਼ਟਰ ਦੇ ਸਿਰੜੀ ਸ਼ਹਿਰ ਚ ਸਾਲ 2019 ਅੰਡਰ-23 ਦੌਰਾਨ ਨੈਸ਼ਨਲ ਚੈਪੀਅਨਸ਼ਿਪ ਗੇਮਾਂ ਚ ਤੀਜੇ ਸਥਾਨ ਰਹੇ ਤੇ ਬਰਾਊਨਜ਼ ਮੈਡਲ ਹਾਸਲ ਕੀਤਾ। ਸਾਲ 2019 ਤੇ 2020 ਦੌਰਾਨ ਆਨੰਦਪੁਰ ਵਿਖੇ ਹੋਲੇ ਮਹੱਲੇ ਚ “ਪੰਜਾਬ ਕੇਸਰੀ” ਦਾ ਖਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਸਾਲ 2020 ਚ ਮਧੂਵਨ (ਹਰਿਆਣਾ) ਆਲ ਇੰਡੀਆ ਪੁਲਿਸ ਗੇਮਾਂ ਚ ਦੋ ਵੇਟਾਂ 125 ਅਤੇ 130 ਕੇ.ਜੀ. ਚ ਪਹਿਲੇ ਨੰਬਰ ਤੇ ਆ ਕੇ ਦੋ ਗੋਲਡ ਮੈਡਲ ਜਿੱਤੇ। ਸਾਲ 2021 ਚ ਗੌਡਾ (ਉਤਰ ਪ੍ਰਦੇਸ਼) ਚ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਚ ਤੀਸਰਾ ਸਥਾਨ ਹਾਸਲ ਕੀਤਾ।
ਗੁਰਸੇਵਕ ਦਾ ਦੱਸਣਾ ਹੈ ਕਿ ਉਸ ਨੇ ਸਾਲ 2022 ਚ ਮਹਾਰਾਸ਼ਟਰ ਦੇ ਪੂਨੇ ਸ਼ਹਿਰ ਚ ਹੋਈਆਂ ਆਲ ਇੰਡੀਆ ਪੁਲਿਸ ਗੇਮਜ਼ ਚ ਪਹਿਲੇ ਨੰਬਰ ਤੇ ਆ ਕੇ ਗੋਲਡ ਮੈਡਲ ਆਪਣੇ ਗਲ ਚ ਸਜਾਇਆ ਹੈ।
ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਸਖਤ ਮਿਹਨਤ ਅਤੇ ਲਗਨ ਨਾਲ ਖੇਡਾਂ ਰਾਹੀਂ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਤੇ ਲਿਆ ਸਕਦੇ ਹਨ।