ਕਿਹਾ, ਸੈਰ-ਸਪਾਟਾ ਖੇਤਰ ਜੋ ਪ੍ਰਹੁਣਚਾਰੀ ਨਾਲ ਜੁੜਿਆ ਹੋਇਆ ਹੈ, ਵੱਡੀ ਗਿਣਤੀ ਚ ਖੋਲ੍ਹਦਾ ਹੈ ਨੌਕਰੀਆਂ
ਬਠਿੰਡਾ, 4 ਮਈ (ਲਖਵਿੰਦਰ ਸਿੰਘ ਗੰਗਾ)
ਪ੍ਰਹੁਣਚਾਰੀ ਉਦਯੋਗ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੇ ਉਦਯੋਗਾਂ ਵਿੱਚੋਂ ਇੱਕ ਹੈ ਤੇ ਭੋਜਨ, ਪੀਣ ਵਾਲੇ ਪਦਾਰਥ ਦੀ ਮੰਗ ਕਦੇ ਵੀ ਘੱਟ ਨਹੀਂ ਹੁੰਦੀ ਤੇ ਉਦਯੋਗ ਹਮੇਸ਼ਾ ਵਧਦਾ ਹੀ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਥਾਨਕ ਆਈਐਚਐਮ ਵਿਖੇ ਦੇ ਇੰਸਟੀਚਿਊਟ ਦੇ ਬੇਕਰੀ ਕੋਰਸ ਨਾਲ ਸਬੰਧਤ ਗਰੈਡ ਫਿਨਾਲੇ ਮੌਕੇ ਸਕੱਤਰ, ਪੰਜਾਬ ਸੈਰ ਸਪਾਟਾ ਸ. ਗੁਰਕੀਰਤ ਕਿਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਇਸ ਮੌਕੇ ਸ. ਗੁਰਕੀਰਤ ਕਿਰਪਾਲ ਸਿੰਘ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਪਕਵਾਨਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਸੈਰ-ਸਪਾਟਾ ਖੇਤਰ ਜੋ ਪ੍ਰਹੁਣਚਾਰੀ ਨਾਲ ਜੁੜਿਆ ਹੋਇਆ ਹੈ, ਵੱਡੀ ਗਿਣਤੀ ਵਿੱਚ ਨੌਕਰੀਆਂ ਖੋਲ੍ਹਦਾ ਹੈ ਜਿਸ ਲਈ ਹੁਨਰਮੰਦ ਅਤੇ ਪੇਸ਼ੇਵਰ ਸਟਾਫ ਦੀ ਹਮੇਸ਼ਾ ਲੋੜ ਹੁੰਦੀ ਹੈ। ਇਸ ਮੌਕੇ ਉਨ੍ਹਾਂ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨਾ ਦਾ ਜਿੱਥੇ ਜਾਇਜਾ ਲਿਆ ਉੱਥੇ ਉਨ੍ਹਾਂ ਬਣਾਏ ਪਕਵਾਨਾਂ ਦਾ ਸਵਾਦ ਵੀ ਚਖਿਆ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਉਹ ਕਿੱਤਾਮੁਖੀ ਕੋਰਸਾਂ ਦੀ ਮਹੱਤਤਾ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ।
ਸਮਾਗਮ ਮੌਕੇ ਆਈਐਚਐਮ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਨੀਤ ਕੋਹਲੀ ਨੇ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਦੁਆਰਾ ਤਿਆਰ ਤੇ ਪ੍ਰਦਰਸ਼ਿਤ ਕੀਤੀਆਂ ਆਕਰਸ਼ਕ ਬੇਕਰੀ ਆਈਟਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਊਟਗੋਇੰਗ ਬੈਚ ਭਾਰਤ ਦੇ ਪ੍ਰਮੁੱਖ ਹੋਟਲਾਂ ਵਿੱਚ ਸਿਖਲਾਈ ਲਈ ਜਾਵੇਗਾ, ਜਿਸ ਤੋਂ ਬਾਅਦ ਹੋਸਪਿਟੈਲਿਟੀ ਸੈਕਟਰ, ਬੇਕਰੀ ਉਦਯੋਗ ਅਤੇ ਸਵੈ-ਉਦਮਤਾ ਵਿੱਚ ਦੁਨੀਆ ਭਰ ਵਿੱਚ ਮੌਕੇ ਉਪਲਬਧ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਸ਼ੀਰਵਾਦ ਸਕੀਮ ਅਧੀਨ ਵਜ਼ੀਫ਼ਾ ਸਕੀਮ ਪੰਜਾਬ ਦੇ ਅਨੁਸੂਚਿਤ ਜਾਤੀ/ਐਸਟੀ ਉਮੀਦਵਾਰਾਂ ਲਈ ਸਾਰੇ ਪ੍ਰੋਗਰਾਮਾਂ ਲਈ ਉਪਲਬਧ ਹੈ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਾਜਨੀਤ ਕੋਹਲੀ ਨੇ ਇੰਸਟੀਚਿਊਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈਐਚਐਮ) ਕੋਚਿੰਗ ਟੈਕਨਾਲੋਜੀ ਐਂਡ ਅਪਲਾਈਡ ਨਿਊਟ੍ਰੀਸ਼ਨ, ਬਠਿੰਡਾ (ਪੰਜਾਬ) ਦੀ ਸਥਾਪਨਾ 2008 ਵਿੱਚ ਸੈਰ ਸਪਾਟਾ ਵਿਭਾਗ, ਪੰਜਾਬ ਸਰਕਾਰ ਦੁਆਰਾ ਕੀਤੀ ਗਈ ਸੀ। ਇਹ ਨੈਸ਼ਨਲ ਕਾਊਂਸਿਲ ਫਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਭਾਰਤ ਸਰਕਾਰ ਦੇ ਸੋਚ-ਸਪਾਟਾ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਅਦਾਰਾ ਹੈ)। ਇਸਟੀਚਿਊਟ ਨੈਸ਼ਨਲ ਕਾਊਂਸਿਲ ਫ਼ਾਰ ਹੋਟਲ ਮੈਨੇਜ਼ਮੈਂਟ ਐਂਡ ਕੈਟਰਿੰਗ ਟੈਕਨਾਲੋਜ਼ੀ ਨੋਇਡਾ) ਤੋਂ ਮਾਨਤਾ ਪ੍ਰਾਪਤ ਹੈ।
ਉਨ੍ਹਾਂ ਹੋਰ ਦੱਸਿਆ ਕਿ ਆਈ.ਐੱਚ.ਐੱਮ ਪੰਜਾਬ ਵਿੱਚ ਸਥਿਤ ਇੱਕ ਹੋਟਲ ਪ੍ਰਬੰਧਨ ਕਾਲਜ ਹੈ ਜੋ ਕਿ ਵਿਦਿਆਰਥੀਆਂ ਲਈ ਡਿਗਰੀ, ਡਿਪਲੋਮਾ, ਸ਼ਿਲਪਕਾਰੀ ਅਤੇ ਛੋਟੀ ਮਿਆਦ ਦੇ ਕੋਰਸ ਪੇਸ਼ ਕਰਦਾ ਹੈ। ਡਿਗਰੀ ਪ੍ਰੋਗਰਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU), ਦਿੱਲੀ ਦੁਆਰਾ ਮਾਨਤਾ ਪ੍ਰਾਪਤ ਹੈ। ਇਹ ਪੇਸੇਵਰ ਕੋਰਸ ਹਨ ਜੋ ਵਿਦਿਆਰਥੀਆਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸ ਦੇ ਯੋਗ ਬਣਾਉਂਦੇ ਹਨ। ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਹੋਟਲ ਅਤੇ ਸੈਰ-ਸਪਾਟਾ ਉਦਯੋਗ ਵਿੱਚ ਕੰਮ ਕਰਨ ਤਿਆਰ ਹੁੰਦੇ ਹਨ। ਆਈਐਚਐਮ ਨੇ ਮਲਟੀਪਲ ਐਂਟਰੀ ਅਤੇ ਐਗਜ਼ਿਟ ਦੇ ਐਨਈਪੀ ਮਾਡਲ ਨੂੰ ਅਪਣਾਇਆ ਹੈ ਤੇ ਇਸ ਦੀ ਉਮਰ ਦੀ ਕੋਈ ਪਾਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਡਿਪਲੋਮਾ ਇਨ ਬੇਕਰੀ ਅਤੇ ਕਨਫੈਕਸਨਰੀ ਦੇ ਵਿਦਿਆਰਥੀ ਆਪਣਾ ਇੱਕ ਸਾਲ ਦਾ ਪ੍ਰੋਗਰਾਮ ਪੂਰਾ ਕਰ ਰਹੇ ਹਨ ਅਤੇ ਹੈਂਡ-ਆਨ ਪ੍ਰੈਕਟਿਸ ਤੇ ਸ਼ਾਰਪਨਿੰਗ ਹੁਨਰਾਂ ਲਈ ਉਦਯੋਗ ਵਿੱਚ ਸ਼ਾਮਲ ਹੋਣਗੇ ਜੋ ਐਚਓਡੀ ਅਭੀਕ ਪ੍ਰਮਾਨਿਕ ਦੀ ਅਗਵਾਈ ਵਿੱਚ ਆਈਐਚਐਮ ਬਠਿੰਡਾ ਵਿਖੇ ਪ੍ਰੈਕਟੀਕਲ ਕਲਾਸਾਂ ਵਿੱਚ ਸਿੱਖੇ ਗਏ ਸਨ। ਡਿਪਲੋਮਾ ਇਨ ਬੇਕਰੀ ਐਂਡ ਕਨਫੈਕਸ਼ਨਰੀ ਦੇ ਵਿਦਿਆਰਥੀਆਂ ਨੇ 3 ਮਈ 2023 ਨੂੰ ਆਪਣੇ ਗ੍ਰੈਂਡ ਫਿਨਾਲੇ-2023 ਵਿੱਚ ਵੱਖ-ਵੱਖ ਬੇਕਰੀ, ਪੈਟੀਸਰੀ ਅਤੇ ਕਨਫੈਕਸ਼ਨਰੀ ਆਈਟਮਾਂ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ ਰਜਿਸਟਰਾਰ ਸ਼੍ਰੀ ਗੁਰਿੰਦਰ ਪਾਲ ਸਿੰਘ ਬਰਾੜ, ਡਿਪਟੀ ਡਾਇਰੈਕਟਰ ਫੂਡ ਤੇ ਸਿਵਲ ਸਪਲਾਈ ਵਿਭਾਗ ਸ. ਜਸਪ੍ਰੀਤ ਸਿੰਘ ਕਾਹਲੋ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ, ਸਮਾਜਿਕ ਨਿਆ ਤੇ ਅਧਿਕਾਰਤ ਅਫ਼ਸਰ ਸ. ਬਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸ਼ਿਵਪਾਲ, ਪ੍ਰਧਾਨ ਹੋਟਲ ਐਸੋਸੀਏਸ਼ਨ ਪੰਜਾਬ ਸ੍ਰੀ ਸਤੀਸ਼ ਅਰੋੜਾ ਤੋਂ ਇਲਾਵਾ ਸਥਾਨਕ ਸਕੂਲਾਂ ਦੇ ਵੱਖ-ਵੱਖ ਪ੍ਰਿੰਸੀਪਲ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।