ਨਿਪੁੰਨ ਭਾਰਤ ਮਿਸ਼ਨ ਦੀ ਸਫ਼ਲਤਾ ਸਭ ਦੀ ਸਾਂਝੀ ਜਿੰਮੇਵਾਰੀ – ਡਾ. ਬੱਲ , ਦੌਲਤ ਰਾਮ
ਫ਼ਾਜਿ਼ਲਕਾ , ਬਲਰਾਜ ਸਿੰਘ ਸਿੱਧੂ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ, ਨਿਪੁੰਨ ਭਾਰਤ ਮਿਸ਼ਨ ਨੂੰ ਗਤੀਸ਼ੀਲ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਇੱਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾ. ਸੁਖਵੀਰ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਕਿਹਾ ਕਿ ਆਪਾ ਸਾਰਿਆਂ ਨੇ ਮਿਲਕੇ ਨਿਪੁੰਨ ਭਾਰਤ ਮਿਸ਼ਨ ਦੇ ਟੀਚਿਆਂ ਨੂੰ ਪੂਰਾ ਕਰਨਾ ਹੈ। ਜਿਲ੍ਹੇ ਵਿੱਚ ਪੜ੍ਹਣ ਅਤੇ ਪੜਾਉਣ ਲਈ ਸੁਖਾਵਾਂ ਮਾਹੌਲ ਬਣਾਉਣਾ ਹੈ ,ਤਾ ਜੋ ਮਿੱਥੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲੇ ਕੀਤੇ ਜਾਣ ਤਾਂ ਜ਼ੋ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਕੇ ਮਿਆਰੀ ਸਿੱਖਿਆ ਦਿੱਤੀ ਜਾ ਸਕੇ।
ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੇ ਸਿੱਖਿਆ ਢਾਂਚੇ ਦੀ ਨੀਂਹ ਹੈ। ਜੇਕਰ ਇਹ ਨੀਂਹ ਮਜਬੂਤ ਹੋਵੇਗੀ ਤਾ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਰਾਹ ਅਸਾਨ ਹੋਵੇਗੀ। ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਕੂਲਾਂ ਅੰਦਰ ਨਵੀਆਂ ਤਕਨੀਕਾਂ ਦੀ ਖੁੱਲ ਕੇ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦਿੱਤੀ ਜਾਵੇ। ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਅਤੇ ਡਾਇਟ ਪ੍ਰਿਸੀਪਲ ਡਾਂ ਰਚਨਾਂ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਮਾਤ ਪਹਿਲੀ ਤੋਂ ਤੀਸਰੀ ਤੱਕ ਮੁੱਢਲੀ ਸਾਖਰਤਾ ਅਤੇ ਸੰਖਿਆ ਗਿਆਨ ਦੀ ਕੁਸ਼ਲਤਾਵਾਂ ਵਿੱਚ ਵਿਦਿਆਰਥੀਆਂ ਨੂੰ ਪਰਪੱਕ ਬਣਾਉਣਾ ਹੈ।ਸਾਡੇ ਸਾਰੇ ਸਕੂਲਾਂ ਕੋਲ ਆਡੀਓ- ਵੀਜੂਅਲ ਸਾਧਨ ਜਿਵੇ ਕੀ ਐਲਈਡੀ ਪ੍ਰੋਜੈਕਟਰ ਮੌਜੂਦ ਹਨ। ਸਾਨੂੰ ਇਹਨਾਂ ਸਾਧਨਾ ਰਾਹੀ ਈਕੰਟੈਂਟ ਦੀ ਵੱਧ ਤੋ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਮੂਹ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਭਲਾਈ ਲਈ ਸਮਾਜ ਦਾ ਸਹਿਯੋਗ ਅਤਿ ਜਰੂਰੀ ਹੈ। ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਪਾਠਕ੍ਰਮ ਨੂੰ ਐਕਟੀਵਿਟੀ ਅਤੇ ਖੇਡ ਵਿਧੀਆਂ ਰਾਹੀ ਪੜਾਉਣਾ ਚਾਹੀਦਾ ਹੈ ਤਾ ਜੋ ਵਿਦਿਆਰਥੀ ਪੜ੍ਹਾਈ ਨੂੰ ਬੋਝ ਨਾ ਸਮਝਣ ਅਤੇ ਖੁਸ਼ੀ ਖੁਸ਼ੀ ਸਿੱਖਿਆ ਗ੍ਰਹਿਣ ਕਰਨ। ਅਖੀਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਦਿਆ ਇੱਕ ਟੀਮ ਵਾਂਗ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਨਿਪੁੰਨ ਭਾਰਤ ਮਿਸ਼ਨ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ । ਸਾਡੇ ਸਾਰਿਆਂ ਦਾ ਰੋਲ ਪ੍ਰੇਰਨਾਤਮਕ ਹੋਣਾ ਚਾਹੀਦਾ ਹੈ।
ਇਸ ਮੌਕੇ ਤੇ ਬੀਐਮਟੀ ਵਰਿੰਦਰ ਕੁੱਕੜ,ਬੀਐਮਟੀ ਅਸ਼ਵਨੀ ਖੁੰਗਰ,ਸੀਐਚਟੀ ਗੁਰਦਿੱਤ ਸਿੰਘ ਸੀਐਚਟੀ ਮਹਾਂਵੀਰ, ਵਿਸ਼ਾ ਮਾਹਰ ਗਣਿਤ ਮੈਡਮ ਰੇਨੂੰ ਮੋਂਗਾ , ਇੰਗਲਿਸ਼ ਮਾਹਰ ਅਨਿਲ ਕਾਲੜਾ,ਪੰਜਾਬੀ ਮਾਹਰ ਹਰਵਿੰਦਰ ਸਿੰਘ,ਹਿੰਦੀ ਮਾਹਰ ਅਨਿਲ ਕੁਮਾਰ ਵਾਤਾਵਰਨ ਸਿੱਖਿਆ ਮਾਹਰ ਸੁਰਜੀਤ ਸਿੰਘ, ਸਿਮਲਜੀਤ ਸਿੰਘ ਮੌਜੂਦ ਸਨ।