–ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਦੇਣ ਲਈ ਕੈਂਪ 12 ਅਪ੍ਰੈਲ ਨੂੰ : ਡਿਪਟੀ ਕਮਿਸ਼ਨਰ
ਬਠਿੰਡਾ, 10 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਪਿੰਡ ਮਹਿਮਾ ਭਗਵਾਨਾ ਵਿਖੇ 12 ਅਪ੍ਰੈਲ ਨੂੰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਨਕਲੀ ਅੰਗ ਅਲਿਮਕੋ (ALIMCO) ਵੱਲੋਂ ਮੁਹੱਈਆ ਕਰਵਾਏ ਜਾਣਗੇ।
ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਨੁਮਾਇੰਦੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਅਲਿਮਕੋ (ALIMCO) ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਨਕਲੀ ਅੰਗ ਮੁਹੱਈਆ ਕਰਵਾਉਣ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਜ਼ਰੂਰਤ ਅਨੁਸਾਰ ਨਕਲੀ ਅੰਗ ਮੁਹੱਈਆ ਕਰਵਾਉਣ ਸਬੰਧੀ ਸਥਾਨਕ ਡੀ.ਡੀ.ਆਰ.ਸੀ ਵੱਲੋਂ ਸਾਇਜ਼ ਲਏ ਜਾਣਗੇ, ਜਿਨ੍ਹਾਂ ਨੂੰ ਜਲਦ ਬਣਾਵਟੀ ਅੰਗ ਤਿਆਰ ਕਰਵਾ ਕੇ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਜ਼ਿਲ੍ਹੇ ਅਧੀਨ ਆਉਂਦੇ ਦਿਵਿਆਂਗਜਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਸ਼ਾਮਿਲ ਹੋ ਕੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਕੈਂਪ ਵਿੱਚ ਆਉਣ ਸਮੇਂ 4 ਫੋਟੋਆਂ, ਅਧਾਰ ਕਾਰਡ, ਯੂ.ਡੀ.ਆਈ.ਡੀ ਕਾਰਡ/ਮੈਡੀਕਲ ਸਰਟੀਫਿਕੇਟ ਵੀ ਨਾਲ ਜ਼ਰੂਰ ਲਿਆਂਦੇ ਜਾਣ। ਜ਼ਿਲ੍ਹੇ ਭਰ ਦੇ ਸਮੂਹ ਸਰਪੰਚ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਕਿਹਾ ਕਿ ਦਿਵਿਆਂਗਜਨਾਂ ਨੂੰ ਕੈਂਪ ਵਿੱਚ ਆਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ।