You are currently viewing ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ‘ਚ ਆਨਲਾਈਨ ਵਿਸਥਾਰ ਭਾਸ਼ਣ ਆਯੋਜਿਤ

ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ‘ਚ ਆਨਲਾਈਨ ਵਿਸਥਾਰ ਭਾਸ਼ਣ ਆਯੋਜਿਤ

ਭਾਸ਼ਣ ਦਾ ਵਿਸ਼ਾ ‘ਵਰਤਮਾਨ ਸਮੇਂ ਵਿੱਚ ਸਮਾਜ ਅਤੇ ਨੌਜਵਾਨ ਵਰਗ: ਸੰਭਾਵਨਾਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ‘ ਰੱਖਿਆ ਗਿਆ 

 

ਬਠਿੰਡਾ, 6 ਮਾਰਚ (ਲਖਵਿੰਦਰ ਸਿੰਘ ਗੰਗਾ)

 

ਮਾਣਯੋਗ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਯੋਗ ਅਗਵਾਈ ਅਧੀਨ ਨਿਰੰਤਰ ਬੁਲੰਦੀਆਂ ਨੂੰ ਛੂਹ ਰਹੇ ਸਥਾਨਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਵੱਲੋਂ ਇੱਕ ਆਨਲਾਈਨ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਵਿਸਥਾਰ ਭਾਸ਼ਣ ਦਾ ਵਿਸ਼ਾ ‘ਵਰਤਮਾਨ ਸਮੇਂ ਵਿੱਚ ਸਮਾਜ ਅਤੇ ਨੌਜਵਾਨ ਵਰਗ: ਸੰਭਾਵਨਾਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ‘ ਰੱਖਿਆ ਗਿਆ ਸੀ । ਸ੍ਰੀ ਗਿਆਨੇਸ਼ਵਰ ਸਿੰਘ IPS, ਡਿਪਟੀ ਡਾਇਰੈਕਰਟਰ ਜਨਰਲ, ਨਾਰਕੋਟਿਕ ਕੰਟਰੋਲ ਬਿਊਰੋ, ਨਵੀਂ ਦਿੱਲੀ ਇਸ ਵਿਸਥਾਰ ਭਾਸ਼ਣ ਵਿੱਚ ਬਤੌਰ ਵਿਸ਼ਾ ਮਾਹਿਰ ਸ਼ਾਮਿਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਜਸਬੀਰ ਸਿੰਘ ਹੁੰਦਲ, ਡਾਇਰੈਕਟਰ ਕੈਂਪਸ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਨੇ ਕੀਤੀ। ਆਪਣੇ ਭਾਸ਼ਣ ਵਿੱਚ ਸ੍ਰੀ ਗਿਆਨੇਸ਼ਵਰ ਸਿੰਘ ਨੇ ਇਸ ਗੱਲ ਉੱਪਰ ਵਿਸ਼ੇਸ਼ ਜੋਰ ਦਿੱਤਾ ਕਿ ਨੌਜਵਾਨ ਵਰਗ ਹੀ ਕਿਸੇ ਸਮਾਜ ਦੀ ਚੇਤਨਾ ਅਤੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਸਮਾਜ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੋਜਵਾਨ ਵਰਗ ਨੂੰ ਸਮਾਜ ਦੀ ਪ੍ਰਗਤੀ ਅਤੇ ਵਿਕਾਸ ਹਿਤ ਸਹੀ ਦਿਸ਼ਾ ਦੇਵੇ। ਉਹਨਾਂ ਅਨੁਸਾਰ ਨਸ਼ੇ ਦਾ ਪ੍ਰਸਾਰ ਨੋਜਵਾਨਾਂ ਦੀ ਸਮਰੱਥਾ ਨੂੰ ਕੁਰਾਹੇ ਪਾ ਰਿਹਾ ਹੈ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਦੱਸਿਆ ਕਿ ਸੀਮਾਂ ਪਾਰ ਤੋਂ ਫੈਲਾਇਆ ਜਾ ਰਿਹਾ ਇਹ ਨਾਰਕੋ ਟੈਰਰਿਜ਼ਮ (ਨਸ਼ੀਲਾ ਅਤਿਵਾਦ) ਹੀ ਨੋਜਵਾਨ ਵਰਗ ਅੰਦਰਲੀ ਸਿਰਜਨਸ਼ੀਲ ਸਮੱਰਥਾ ਖ਼ਤਮ ਕਰਨ ਦਾ ਇਕੋ ਇਕ ਕਾਰਨ ਹੈ। ਪੰਜਾਬ ਇਕ ਸੀਮਾਂ ਵਰਤੀ ਰਾਜ ਹੋਣ ਕਾਰਨ ਇਸਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਅਤੇ ਜਾਂਚ ਏਜੰਸੀਆਂ ਲਈ ਇਸ ਵਿਚਲੀ ਉੱਚ ਮੌਤ ਦਰ, ਆਧੁਨਿਕ ਤਕਨੀਕ ਦਾ ਗਲਤ ਪ੍ਰਯੋਗ, ਇੰਟਰਨੈੱਟ ਅਤੇ ਡਰੋਨ ਦੀ ਨਸ਼ਾ ਤਸਕਰੀ ਲਈ ਵਰਤੋਂ ਆਦਿ ਨੂੰ ਉਹਨਾਂ ਨੇ ਮੁੱਖ ਚੁਣੌਤੀਆਂ ਵੱਲੋਂ ਸਵੀਕਾਰ ਕੀਤਾ। ਉਹਨਾਂ ਨੇ ਅੱਗੇ ਬੋਲਦਿਆਂ ਨਸ਼ਾਖੋਰੀ ਦੀ ਸਮੱਸਿਆ ਦੇ ਕਾਰਨਾਂ ਦੀ ਨਿਸ਼ਾਨ ਦੇਹੀ ਕਰਦਿਆਂ ਬੇਰੁਜ਼ਗਾਰੀ,ਸਮਾਜਿਕ ਅਸੁਰੱਖਿਆ ਅਤੇ ਪਰਿਵਾਰਾਂ ਦਾ ਲਗਾਤਾਰ ਛੋਟੇ ਹੁੰਦੇ ਜਾਣਾ ਨੂੰ ਮੁੱਖ ਕਾਰਨ ਨਿਰਧਾਰਿਤ ਕੀਤਾ। ਉਨ੍ਹਾਂ ਨੇ ਇਸ ਗੱਲ ਉੱਪਰ ਵਿਸ਼ੇਸ਼ ਬਲ ਦਿੱਤਾ ਕਿ ਨਸ਼ੇ ਦੇ ਆਦੀ ਇਨਸਾਨ ਨੂੰ ਕਦੇ ਵੀ ਨਫ਼ਰਤ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਉਹ ਕੋਈ ਮੁਜ਼ਰਿਮ ਨਹੀਂ ਹੈ ਸਗੋ ਉਸ ਨੂੰ ਸਹਿਯੋਗ ਦੀ ਲੋੜ ਹੁੰਦੀ ਹੈ। ਸਹੀ ਮਾਨਸਿਕ ਅਤੇ ਸਮਾਜਿਕ ਸਹਿਯੋਗ ਉਸਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਸਕਦਾ ਹੈ। ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਵਾਉਣਆ ਵੀ ਇਸਦਾ ਇਕ ਵਧੀਆ ਤਰੀਕਾਕਾਰ ਹੋ ਸਕਦਾ ਹੈ। ਸਾਰਿਆ ਨੂੰ ਜੀ ਆਇਆ ਕਹਿੰਦਾ ਹੋਇਆਂ ਪ੍ਰੋ. ਜਸਬੀਰ ਸਿੰਘ ਹੁੰਦਲ ਨੇ ਕਿਹਾ ਕਿ ਨਸ਼ਾਖੋਰੀ ਦੀ ਸਮੱਸਿਆ ਵਰਤਮਾਨ ਸਮੇਂ ਵਿੱਚ ਸਮੁੱਚੇ ਸੰਸਾਰ ਵਿੱਚ ਫੈਲ ਚੁੱਕੀ ਹੈ। ਪੱਛਮੀ ਮੁਲਕਾਂ ਜਿਵੇਂ ਅਮਰੀਕਾ, ਕਨੈਡਾ ਆਦਿ ਵਿੱਚ ਵੀ ਇਹ ਚਰਮ ਸੀਮਾਂ ਉੱਪਰ ਹੈ। ਉਹਨਾਂ ਨੇ ਨਸ਼ਾਖੋਰੀ ਅਤੇ ਅਪਰਾਧ ਵਿਚਲੇ ਆਪਸੀ ਸਬੰਧਾਂ ਬਾਰੇ ਵੀ ਚਾਨਣਾ ਪਾਇਆ । ਉਹਨਾਂ ਨੇ ਵੀ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਰੁਜਗਾਰਯਾਫ਼ਤਾ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਤਾਂਕਿ ਨੌਜਵਾਨ ਵਰਗ ਨੂੰ ਨਸ਼ਾਖੋਰੀ ਦੀ ਅਲਾਮਤ ਤੋਂ ਬਚਾਇਆ ਜਾ ਸਕੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਅਜਿਹੇ ਭਾਸ਼ਣ ਦਾ ਅਜੋਕੇ ਸਮੇਂ ਵਿੱਚ ਬਹੁਤ ਮਹੱਤਵ ਹੈ ਤਾਂ ਜੋ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੇਧ ਦਿੱਤੀ ਜਾ ਸਕੇ। ਉਹਨਾਂ ਨੇ ਵਿਭਾਗ ਨੂੰ ਅਜਿਹੇ ਵਿਸ਼ਿਆਂ ਬਾਰੇ ਭਾਸ਼ਣ ਕਰਾਉਣ ਲਈ ਉਤਸ਼ਾਹਿਤ ਕੀਤਾ।