–“ਸਕੂਲ ਆਫ਼ ਐਮੀਨੈਂਸ” ‘ਚ ਦਾਖ਼ਲੇ ਲਈ ਆਨਲਾਈਨ ਰਜਿਸ਼ਟ੍ਰੇਸ਼ਨ ਸ਼ੁਰੂ
–ਜ਼ਿਲ੍ਹੇ ਚ ਖੋਲ੍ਹੇ ਜਾ ਰਹੇ ਹਨ 6 “ਸਕੂਲ ਆਫ਼ ਐਮੀਨੈਂਸ”
ਬਠਿੰਡਾ, 1 ਮਾਰਚ : ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਨਵੀਂ ਇਨਕਲਾਬੀ ਤੇ ਨਿਵੇਕਲੀ ਪਹਿਲ ਕਦਮੀ “ਸਕੂਲ ਆਫ਼ ਐਮੀਨੈਂਸ” ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਚੈਅਰਮੇਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜ਼ਿਲ੍ਹੇ ਅੰਦਰ ਖੋਲ੍ਹੇ ਜਾਣ ਵਾਲੇ “ਸਕੂਲ ਆਫ਼ ਐਮੀਨੈਂਸ” ਚ ਵਿਦਿਆਰਥੀਆਂ ਦੇ ਦਾਖ਼ਲੇ ਤੇ ਹੋਰ ਬੁਨਿਆਦੀ ਸਹੂਲਤਾਂ ਲਈ ਸਮੀਖਿਆ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਇਸ ਨਿਵੇਕਲੀ ਪਹਿਲਕਦਮੀ “ਸਕੂਲ ਆਫ਼ ਐਮੀਨੈਂਸ” ਤਹਿਤ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਚ ਪ੍ਰਤੀ ਹਲਕਾ 1-1 “ਸਕੂਲ ਆਫ਼ ਐਮੀਨੈਂਸ” ਖੋਲ੍ਹੇ ਜਾ ਰਹੇ ਹਨ, ਜਿੰਨ੍ਹਾਂ ਚ ਪਰਸਰਾਮ ਨਗਰ, ਭੁੱਚੋ ਕਲਾਂ, ਰਾਮ ਨਗਰ, ਬੰਗੀ ਕਲਾਂ, ਮੰਡੀ ਫੂਲ (ਲੜਕੇ) ਅਤੇ ਕੋਟ ਸ਼ਮੀਰ ਚ ਸਥਿਤ ਸਕੂਲ ਸ਼ਾਮਲ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਖੋਲ੍ਹੇ ਜਾਣ ਵਾਲੇ ਇਨ੍ਹਾਂ “ਸਕੂਲ ਆਫ਼ ਐਮੀਨੈਂਸ” ਦੀਆਂ ਇਮਾਰਤਾਂ ਸਬੰਧੀ ਵਿਚਾਰ ਚਰਚਾ ਕਰਦਿਆਂ ਰਹਿੰਦੇ ਸਕੂਲਾਂ ਦੇ ਸਰਵੇ ਨੂੰ ਤੁਰੰਤ ਪੂਰਾ ਕਰਨ ਸਬੰਧੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੇ ਵਿਭਾਗ ਨਾਲ ਸਬੰਧਤ ਕਾਰਜਾਂ ਨੂੰ ਸਮੇਂ-ਸਿਰ ਯਕੀਨੀ ਬਣਾਉਣ ਲਈ ਕਿਹਾ।
ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਇਨ੍ਹਾਂ ਸਕੂਲਾਂ ਦਾ ਸਰਵੇ ਕਰਕੇ ਹੋਰ ਲੋੜੀਂਦੀਆਂ ਵਾਧੂ ਜ਼ਰੂਰਤਾਂ ਵੀ ਦੱਸਣ ਲਈ ਕਿਹਾ। ਉਨ੍ਹਾਂ ਇਹ ਵੀ ਖਾਸ ਹਦਾਇਤ ਕੀਤੀ ਕਿ ਇਨ੍ਹਾਂ ਸਕੂਲਾਂ ਲਈ ਕੀ ਨਵਾਂ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਿੰਨੀ ਅਤੇ ਕਦੋਂ ਲੋੜ ਹੈ, ਇਸ ਬਾਰੇ ਵੀ ਦੱਸਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸ਼ਿਵ ਪਾਲ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਚ ਹਾਲ ਦੀ ਘੜੀ 9ਵੀਂ ਤੇ 11ਵੀਂ ਜਮਾਤ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਹੋਵੇਗੀ, ਜਿਸ ਲਈ 21 ਫਰਵਰੀ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿਸ ਲਈ 75ਫ਼ੀਸਦੀ ਵਿਦਿਆਰਥੀ ਸਰਕਾਰੀ ਸਕੂਲਾਂ ਤੇ 25ਫ਼ੀਸਦੀ ਵਿਦਿਆਰਥੀ ਹੋਰਨਾਂ ਸਕੂਲਾਂ ਵਿੱਚੋਂ ਦਾਖ਼ਲਾ ਲੈ ਸਕਣਗੇ। ਇਨ੍ਹਾਂ ਸਬੰਧਤ ਸਕੂਲਾਂ ਚ 7ਵੀਂ ਤੋਂ ਲੈਕੇ 12ਵੀਂ ਜਮਾਤ ਤੱਕ ਸਾਰੀਆਂ ਸਟਰੀਮਾਂ ਲਈ ਪੜ੍ਹਾਈ ਕਰਵਾਈ ਜਾਵੇਗੀ। ਇਹ ਸਕੂਲ ਸਿੱਖਿਆ ਪਾਰਕ, ਡਿਜੀਟਲ ਲਾਇਬ੍ਰੇਰੀ, ਕਲਾਸ ਰੂਮਾਂ ਵਿੱਚ ਪ੍ਰੋਜੈਕਟਰ ਆਦਿ ਤੋਂ ਇਲਾਵਾ ਡਸਟਬੀਨ ਤੋਂ ਲੈ ਕੇ ਸਮਾਰਟ ਸਕੂਲ ਲਈ ਹਰ ਪ੍ਰਕਾਰ ਦੇ ਲੋੜੀਂਦਾ ਸਮਾਨ ਨਾਲ ਲੈਸ ਹੋਣਗੇ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਇੰਦਰਜੀਤ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਸ੍ਰੀ ਕੁਲਵਿੰਦਰ ਸਿੰਘ, ਸਹਾਇਕ ਪ੍ਰੋਜੈਟਰ ਕੁਆਰਡੀਨੇਟਰ (ਜਨਰਲ) ਸ੍ਰੀ ਸੰਦੀਪ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਸ੍ਰੀ ਇਕਬਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਅ) ਸ੍ਰੀ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।