–-ਪੰਜਾਬੀ ਜ਼ੁਬਾਨ ਨੂੰ ਬਣਦਾ ਰੁਤਬਾ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕਰ ਰਿਹੈ ਹਰ ਸੰਭਵ ਯਤਨ : ਪੱਲਵੀ ਚੌਧਰੀ
ਬਠਿੰਡਾ, 16 ਫ਼ਰਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅੱਜ ਸੋਲਵੇਂ ਦਿਨ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਦੋ ਰੋਜ਼ਾ ਭਾਸ਼ਾ ਸੈਮੀਨਾਰ ਦੀ ਸ਼ੁਰੂਆਤ ਸਥਾਨਕ ਰਜਿੰਦਰਾ ਕਾਲਜ ਬਠਿੰਡਾ ਵਿਖੇ ਹੋਈ। ਸੈਮੀਨਾਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਪੱਲਵੀ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਡਾ ਵੀਰਪਾਲ ਕੌਰ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਇਸ ਦੌਰਾਨ ਮੁੱਖ ਮਹਿਮਾਨ ਡਾ਼ ਪੱਲਵੀ ਚੌਧਰੀ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਦਫ਼ਤਰ ਪੰਜਾਬੀ ਜ਼ੁਬਾਨ ਨੂੰ ਬਣਦਾ ਰੁਤਬਾ ਦਿਵਾਉਣ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕਰ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਇਸ ਤਰ੍ਹਾਂ ਦੇ ਯਤਨ ਅੱਗੇ ਵੀ ਜਾਰੀ ਰੱਖਣ ਲਈ ਕਿਹਾ।
ਸੈਮੀਨਾਰ ਵਿੱਚ ਪਹੁੰਚੇ ਬੁਲਾਰਿਆ ਵਿੱਚੋਂ ਆਲੋਚਕ ਅਤੇ ਨਾਟਕਕਾਰ ਡਾ਼ ਕੁਲਦੀਪ ਦੀਪ ਨੇ ‘ਵਰਚੁਅਲ ਸੰਸਾਰ ਵਿੱਚ ਪੰਜਾਬੀ’, ਡਾ. ਜ਼ਮੀਰਪਾਲ ਕੌਰ ਮੁਖੀ ਪੰਜਾਬੀ ਵਿਭਾਗ, ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਨੇ ‘ਰੁਜ਼ਗਾਰ,ਵਪਾਰ ਅਤੇ ਸੰਚਾਰ ਵਿੱਚ ਪੰਜਾਬੀ’ ਅਤੇ ਸ. ਚਰਨ ਸਿੰਘ ਗਿੱਲ ਨੇ ਵਿੱਕੀਪੀਡੀਆ ਅਤੇ ਪੰਜਾਬੀ’ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ।
ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ, ਵਕਤਾਵਾਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮਾਂ-ਬੋਲੀ ਨੂੰ ਪੰਜਾਬ ਦੀ ਜਵਾਨੀ ਨਾਲ਼ ਜੋੜਨ ਲਈ ਅਜਿਹੇ ਸੈਮੀਨਾਰ ਕਰਵਾਉਣਾ ਸਮੇਂ ਦੀ ਲੋੜ ਹੈ।
ਇਸ ਉਪਰੰਤ ਡਾ਼ ਪਰਮਜੀਤ ਢੀਂਗਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਾਂ ਬੋਲੀ ਦੇ ਇਤਿਹਾਸ ਅਤੇ ਭਵਿੱਖ ਉੱਤੇ ਚਾਨਣਾ ਪਾਇਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ਼ ਰਵਿੰਦਰ ਸੰਧੂ ਨੇ ਨਿਭਾਈ। ਸੈਮੀਨਾਰ ਕੋਆਰਡੀਨੇਟਰ ਵਜੋਂ ਸ. ਜਸਪਾਲ ਮਾਨਖੇੜਾ ਮੌਜੂਦ ਸਨ
ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਸ਼ਹਿਰ ਦੀਆਂ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।