ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਲੀਡਰਸ਼ਿਪ ਕੈਂਪ ਆਯੋਜਿਤ

ਬਠਿੰਡਾ,13 ਫਰਵਰੀ : ਨਹਿਰੂ ਯੁਵਾ ਕੇਂਦਰ ਵਲੋਂ ਲਗਾਇਆ ਗਿਆ ਤਿੰਨ ਰੋਜ਼ਾ ਰਿਹਾਇਸ਼ੀ ਯੁਵਾ ਲੀਡਰਸ਼ਿਪ ਸਿਖਲਾਈ ਕੈਂਪ ਨੌਜਵਾਨਾਂ ਵਿਚ ਨਵੀਂ ਸਕਾਰਤਮਕ ਸੋਚ ਪੈਦਾ ਕਰਦੇ ਹੋਏ ਸਮਾਪਿਤ ਹੋਇਆ। ਸਥਾਨਕ ਮਾਤਾ ਸਾਹਿਬ ਕੌਰ ਮੈਮੋਰੀਅਲ ਸਕੂਲ ਵਿਖੇ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਅਤੇ ਲੇਖਾ ਤੇ ਪ੍ਰੋਗਰਾਮ ਅਫ਼ਸਰ ਅਨਮੋਲ ਬਜਾਜ ਦੀ ਦੇਖ-ਰੇਖ ਵਿੱਚ ਲਾਏ ਗਏ ਇਸ ਕੈਂਪ ਚ ਵੱਖ-ਵੱਖ ਯੂਥ ਕਲੱਬਾਂ ਅਤੇ ਸੰਸਥਾਵਾਂ ਦੇ ਵਲੰਟੀਅਰਜ਼ ਨੇ ਭਾਗ ਲਿਆ। ਕੈਂਪ ਚ ਸ਼ਾਮਲ ਸਮੂਹ ਵਿਅਕਤੀਆਂ ਵੱਲੋਂ ਮੰਚ ਤੇ ਦਿੱਤੀ ਗਈ ਫੀਡਬੈਕ ਵਿਚ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਕੈਂਪ ਲਗਾਉਣ ਦਾ ਮੌਕਾ ਮਿਲਿਆ ਹੈ ਅਤੇ ਇਸ ਕੈਂਪ ਰਾਹੀਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਪਹਿਲੇ ਦਿਨ ਸਾਬਕਾ ਵਿਧਾਇਕ ਸ੍ਰੀ ਸਰੂਪ ਚੰਦ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਪ੍ਰੋਗਰਾਮਾਂ ਅਤੇ ਗਤੀਵਧੀਆਂ ਦੀ ਪ੍ਰਸੰਸਾ ਕਰਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਵੀਨਾ ਗਰਗ, ਐਡਵੋਕੇਟ ਮੋਹਨ ਲਾਲ ਗਰਗ ਅਤੇ ਬਲਦੇਵ ਅਕਲੀਆ ਨੇ ਨੌਜਵਾਨਾਂ ਨੂੰ ਚਰਿੱਤਰ ਨਿਰਮਾਣ ਕੈਂਪ ਬਾਰੇ ਦੱਸਿਆ।

ਦੂਸਰੇ ਦਿਨ ਸ਼੍ਰੀ ਅਜੇ ਗਾਂਧੀ (ਆਈ ਪੀ ਐਸ) ਐਸ.ਪੀ.ਡੀ. ਨੇ ਮੁੱਖ ਮਹਿਮਾਨ ਵਜੋਂ ਨਸ਼ਿਆ ਦੇ ਅੰਕੜੇ ਦੱਸਦਿਆਂ ਕਿਹਾ ਕਿ ਅੱਜ ਯੂਥ ਭਟਕਣਾ ਵਿਚ ਰਹਿ ਕੇ ਨਸ਼ੇ ਦਾ ਸੇਵਨ ਕਰਦੇ ਹੋਏ ਆਪਣੀਆਂ ਜਿੰਦਗੀਆਂ ਨੂੰ ਅਲਵਿਦਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵਲੋ ਸਪੈਸ਼ਲ ਟਾਸਕ ਟੀਮ ਤਹਿਤ ਪਿੰਡ-ਪਿੰਡ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿਚ ਉਨ੍ਹਾਂ ਨੌਜਵਾਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸ. ਸੁਖਮਿੰਦਰ ਸਿੰਘ ਚੱਠਾ ਚੇਅਰਮੈਨ ਫ਼ਤਹਿ ਗਰੁੱਪ ਰਾਮਪੁਰਾ ਫੂਲ ਨੇ ਵਿਦੇਸ਼ਾਂ ਵਿਚ ਨੌਜਵਾਨਾ ਦੇ ਵੱਧ ਰਹੇ ਰੁਝਾਨ ਵਿਚ ਜ਼ਾਹਿਰ ਕਰਦਿਆਂ ਨੌਜਵਾਨਾਂ ਨੂੰ ਦੇਸ਼ ਵਿਚ ਰਹਿਕੇ ਹੀ ਸਮਾਜ ਸੇਵਾ ਤੇ ਮਾਪਿਆਂ ਦੇ ਸਤਿਕਾਰ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਵਿਚ ਰਹਿ ਕੇ ਆਪਣੀ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਚਾਹੀਦੀ ਹੈ।

ਕੈਂਪ ਦੌਰਾਨ ਰੈੱਡ ਕਰਾਸ ਵੱਲੋਂ ਨਰੇਸ਼ ਪਠਾਨੀਆ ਨੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਅੱਜ ਅਸੀਂ ਅੰਧ ਵਿਸ਼ਵਾਸ਼ਾਂ ਵਿੱਚ ਘਿਰੇ ਹੋਣ ਕਾਰਨ ਅਤੇ ਨੌਜਵਾਨ ਮੁੱਢਲੀ ਸਹਾਇਤਾ ਤੋਂ ਜਾਗਰੂਕ ਨਾ ਹੋਣ ਕਾਰਨ ਕੀਮਤੀ ਜਾਨਾਂ ਨੂੰ ਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਅਸੀਂ  ਸਮਾਜ ਵਿੱਚ ਮੁੱਢਲੀ ਸਹਾਇਤਾ ਤੋਂ ਵਾਂਝੇ ਹਾਂ। ਉੱਥੇ ਹੀ ਨੈਸ਼ਨਲ ਲਿਵਲਿਹੂਦ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸੁਖਵਿੰਦਰ ਸਿੰਘ ਸੁੱਖਾ ਅਤੇ ਐਡਵਕੇਟ ਰਣਵੀਰ ਬਰਾੜ ਨੇ ਬੇਰੁਜ਼ਗਾਰੀ ਦੇ ਸਵਾਲਾਂ ਤੇ ਵਿਚਾਰ-ਚਰਚਾ ਕਰਦੇ ਹੋਏ ਨੌਜਵਾਨਾਂ ਨੂੰ ਸਕਿੱਲ ਨਾਲ ਜੁੜਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਅੱਜ ਪੜ੍ਹ-ਲਿਖ ਕੇ ਨੌਜਵਾਨ ਬੇਰੁਜ਼ਗਾਰੀ ਤੋ ਨਿਰਾਸ਼ ਹੋ ਕੇ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਗਲ ਲਗਾ ਰਹੇ ਨੇ।

ਤੀਸਰੇ ਦਿਨ ਮੁੱਖ ਮਹਿਮਾਨ ਨਹਿਰੂ ਯੁਵਾ ਕੇਂਦਰ ਦੇ ਰਿਟਾਇਰਡ ਸਟੇਟ ਡਾਇਰੈਕਟਰ ਹਿਮਾਚਲ ਪ੍ਰਦੇਸ਼ ਸ. ਜਗਜੀਤ ਸਿੰਘ ਮਾਨ ਵਲੋਂ ਨੌਜਵਾਨਾ ਨਾਲ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦਿਆਂ ਯੂਥ ਸ਼ਕਤੀ ਨੂੰ ਉਭਾਰਨ ਦਾ ਸੁਨੇਹਾ ਦਿੰਦੇ ਹੋਏ ਭਖਦੇ ਸਵਾਲਾਂ ਉੱਪਰ ਬੋਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨਾਲ ਕੈਂਪ ਦੀਆ ਯਾਂਦਾਂ ਸਾਂਝੀਆ ਕੀਤੀਆਂ ਅਤੇ ਕਿਹਾ ਕਿ ਅਜਿਹੇ ਕੈਂਪ ਨੌਜਵਾਨਾ ਦੀ ਸ਼ਖਸੀਅਤ ਵਿਚ ਨਿਖਾਰ ਲਿਆਉਂਦੇ ਹਨ। ਕੈਂਪ ਦੌਰਾਨ ਕਲੱਬ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ । ਭਾਗੀਦਾਰ ਨੌਜਵਾਨਾਂ ਨੂੰ ਸਰਟੀਫ਼ਿਕੇਟ ਅਤੇ ਆਈ ਈ ਸੀ ਸਮੱਗਰੀ ਵੰਡੀ ਗਈ। ਰਿਹਾਇਸ਼ੀ ਕੈਂਪ ਦੌਰਾਨ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕਲਚਰਲ ਪ੍ਰੋਗਰਾਮ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ। ਸਟੇਜ ਸੰਚਾਲਨ ਯੂਥ ਲੀਡਰ ਹਰਵਿੰਦਰ ਬਰਾੜ ਅਤੇ ਲਾਡੀ ਜਟਾਣਾ ਵਲੋਂ ਕੀਤਾ ਗਿਆ।

ਕੈਂਪ ਮੌਕੇ ਹਰਪ੍ਰੀਤ ਕੌਰ, ਹਰਵਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਜਤਿੰਦਰ ਜੋਨੀ, ਜਗਜੀਤ ਸਿੰਘ, ਬਹਾਦੁਰ ਸਿੰਘ, ਵਕੀਲ ਸਿੰਘ, ਜਸਪ੍ਰੀਤ ਸਿੰਘ, ਅਮਰੀਕ ਸਿੰਘ, ਅਜੈਪਾਲ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ ਕੋਟਫੱਤਾ, ਸੰਦੀਪ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।