ਡਿਪਟੀ ਕਮਿਸ਼ਨਰ ਨੇ “ਆਮ ਆਦਮੀ ਕਲੀਨਿਕਾਂ” ਸਬੰਧੀ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਬੈਠਕ

          ਬਠਿੰਡਾ, 6 ਫ਼ਰਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਚ ਚੱਲ ਰਹੇ “ਆਮ ਆਦਮੀ ਕਲੀਨਿਕਾਂ” ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਚ ਚੱਲ ਰਹੇ “ਆਮ ਆਦਮੀ ਕਲੀਨਿਕਾਂ” ਚ ਜੋ ਥੋੜ੍ਹੇ-ਬਹੁਤ ਕਾਰਜ ਅਧੂਰੇ ਹਨ, ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

            ਇਸ ਦੌਰਾਨ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ 24 “ਆਮ ਆਦਮੀ ਕਲੀਨਿਕ” (ਬਸਤੀ ਖੇਤਾ ਸਿੰਘ, ਊਧਮ ਸਿੰਘ ਨਗਰ, ਅਕਲੀਆਂ ਕਲਾਂ, ਬੀੜ ਬਹਿਮਣ, ਕੋਟਫ਼ੱਤਾ, ਤਲਵੰਡੀ ਸਾਬੋ, ਮੌੜ ਤੇ ਰਾਮਾਂ, ਬੱਲੂਆਣਾ, ਚੱਕ ਅਤਰ ਸਿੰਘ ਵਾਲਾ, ਦਿਆਲਪੁਰਾ ਮਿਰਜਾ, ਜੋਧਪੁਰ ਪਾਖਰ, ਕਰਾੜਵਾਲਾ, ਲਹਿਰਾ ਮੁਹੱਬਤ, ਪੱਕਾ ਕਲਾਂ, ਮੌੜ ਕਲਾਂ, ਮੰਡੀ ਕਲਾਂ, ਵਿਰਕ ਕਲਾਂ, ਮੰਡੀ ਫੂਲ, ਬੇਅੰਤ ਨਗਰ, ਜਨਤਾ ਨਗਰ, ਲਾਲ ਸਿੰਘ ਬਸਤੀ, ਪਰਸਰਾਮ ਨਗਰ ਅਤੇ ਗਣੇਸ਼ਾ ਬਸਤੀ) ਚੱਲ ਰਹੇ ਹਨ, ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜੋ ਵੀ ਆਮ ਆਦਮੀ ਕਲੀਨਿਕਾਂ ਵਿੱਚ ਥੋੜੀਆਂ ਬਹੁਤ ਉਣਤਾਈਆਂ ਹਨ, ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।

            ਇਸ ਮੌਕੇ ਡਾ. ਪਾਮਿਲ ਬਾਂਸਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਐਸਐਮਓਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।