You are currently viewing ਲੋਕ ਭਲਾਈ ਸਕੀਮਾਂ ਸਬੰਧੀ ਜ਼ਮੀਨੀ ਪੱਧਰ ਉੱਤੇ ਆਮ ਲੋਕਾਂ ਨੂੰ ਕਰਵਾਇਆ ਜਾਵੇ ਜਾਣੂ : ਵਧੀਕ ਪ੍ਰਮੁੱਖ ਸਕੱਤਰ

ਲੋਕ ਭਲਾਈ ਸਕੀਮਾਂ ਸਬੰਧੀ ਜ਼ਮੀਨੀ ਪੱਧਰ ਉੱਤੇ ਆਮ ਲੋਕਾਂ ਨੂੰ ਕਰਵਾਇਆ ਜਾਵੇ ਜਾਣੂ : ਵਧੀਕ ਪ੍ਰਮੁੱਖ ਸਕੱਤਰ

ਕਿਹਾ, ਕੋਈ ਵੀ ਯੋਗ ਲਾਭਪਾਤਰੀ ਸਰਕਾਰ ਦੀਆਂ ਸਕੀਮਾਂ ਤੋਂ ਨਾ ਰਹਿਣ ਦਿੱਤਾ ਜਾਵੇ ਵਾਝਾਂ

ਮਾਲਵੇ ਦੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੀਤੀ ਲੋਕ ਭਲਾਈ ਸਕੀਮਾਂ ਸਬੰਧੀ ਰੀਵਿਊ ਬੈਠਕ

 

ਬਠਿੰਡਾ, 20 ਜਨਵਰੀ (ਲਖਵਿੰਦਰ ਸਿੰਘ ਗੰਗਾ)

 

ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਰਾਮੇਸ਼ ਕੁਮਾਰ ਗੰਟਾ ਨੇ ਮਾਲਵੇ ਦੇ 7 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਫ਼ਰੀਦਕੋਟ ਦੇ ਉੱਚ ਅਧਿਕਾਰੀਆਂ ਨਾਲ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਰੀਵਿਊ ਮੀਟਿੰਗ ਕਰਕੇ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

          ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਸ਼੍ਰੀ ਰਾਮੇਸ਼ ਕੁਮਾਰ ਗੰਟਾ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀਆਂ ਪਾਸੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਸਕੀਮ ਅਧੀਨ ਵਰਤੋਂ ਸਰਟੀਫ਼ਿਕੇਟਾਂ ਅਤੇ ਪਿੰਡਾਂ ਨੂੰ ਆਦਰਸ਼ ਗ੍ਰਾਮ ਘੋਸ਼ਿਤ ਕਰਨ ਦੇ ਸਟੇਟਸ ਬਾਰੇ, ਪੋਸਟ ਮੈਟ੍ਰਿਕ ਸਕਾਲਰਸ਼ਿਪ (ਐਸ.ਸੀ) ਸਕੀਮ ਅਧੀਨ ਸੈਕਸ਼ਨਡ ਕੇਸਾਂ ਅਤੇ PM-AJAY ਸਕੀਮ ਅਧੀਨ ਭੇਜਣ ਵਾਲੇ ਪ੍ਰੋਜੈਕਟਾਂ ਸਬੰਧੀ ਕੀਤੇ ਗਏ ਕਾਰਜਾਂ ਬਾਰੇ ਬਾਰੀਕੀ ਨਾਲ ਜਾਣਿਆ।

          ਇਸ ਮੌਕੇ ਸ਼੍ਰੀ ਰਾਮੇਸ਼ ਕੁਮਾਰ ਗੰਟਾ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਸਕੀਮ ਅਧੀਨ ਵਰਤੋਂ ਸਰਟੀਫ਼ਿਕੇਟਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੇ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ ਅਤੇ ਬਕਾਇਆ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇ।

          ਬੈਠਕ ਦੌਰਾਨ ਵਧੀਕ ਮੁੱਖ ਸਕੱਤਰ ਸ਼੍ਰੀ ਰਾਮੇਸ਼ ਕੁਮਾਰ ਗੰਟਾ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੇ ਹਿੱਤ ਲਈ ਹਮੇਸ਼ਾ ਵਚਨਵੱਧ ਤੇ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮ ਤੋਂ ਵਾਝਾਂ ਨਾ ਰਹਿ ਸਕੇ।

          ਇਸ ਮੌਕੇ ਅਨੁਸੂਚਿਤ ਜਾਤੀ ਸਬ ਪਲਾਨ ਦੇ ਡਾਇਰੈਕਟਰ ਸ. ਰਾਜ ਬਹਾਦਰ, ਸਮਾਜਿਕ ਨਿਆਂ ਤੇ ਅਧਿਕਾਰਤ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਪਰਮਿੰਦਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰੁਪਿੰਦਰ ਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਸ਼੍ਰੀ ਟੀ. ਬੈਨਿਥ, ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ ਸ਼੍ਰੀ ਅਰੁਣ ਕੁਮਾਰ ਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਬਠਿੰਡਾ ਸ਼੍ਰੀ ਵਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਆਦਿ ਹਾਜ਼ਰ ਸਨ।