ਐਨ.ਜੀ.ਓ ਵੱਲੋਂ ਕਰਵਾਈ ਜਾਵੇਗੀ ਮਕਾਨ ਦੀ ਮੁਰੰਮਤ
ਬਠਿੰਡਾ, 1 ਦਸੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਦੋ ਲੋੜਵੰਦ ਬਜ਼ੁਰਗ ਔਰਤਾਂ ਦੀ ਜ਼ਰੂਰਤ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਘਰ ਜਾ ਕੇ ਸਰਦੀ ਦੇ ਕੱਪੜੇ ਮੁਹੱਈਆ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਕਿ ਬਠਿੰਡਾ ਵਿਖੇ ਦੋ ਬਜ਼ੁਰਗ ਔਰਤਾਂ ਬਹੁਤ ਹੀ ਤਰਸਯੋਗ ਹਾਲਤ ਵਿੱਚ ਰਹਿ ਰਹੀਆਂ ਹਨ, ਇਹ ਵੀਡੀਓ ਡਿਪਟੀ ਕਮਿਸ਼ਨਰ ਬਠਿੰਡਾ ਦੇ ਧਿਆਨ ਵਿੱਚ ਆਉਣ ਤੇ ਉਨ੍ਹਾਂ ਵੱਲੋਂ ਤੁਰੰਤ ਰੈਡ ਕਰਾਸ ਸੁਸਾਇਟੀ ਨੂੰ ਇਨ੍ਹਾਂ ਬਜ਼ੁਰਗ ਔਰਤਾਂ ਦੀ ਮੱਦਦ ਲਈ ਉਨ੍ਹਾਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਗਿਆ।
ਇਸ ਉਪਰੰਤ ਉਨ੍ਹਾਂ ਵੱਲੋਂ ਇਨ੍ਹਾਂ ਲੋੜਵੰਦ ਔਰਤਾਂ ਨਾਲ ਸੰਪਰਕ ਕਰਦਿਆਂ ਉਨ੍ਹਾਂ ਦੇ ਘਰ ਜਾ ਕੇ ਰਾਸ਼ਨ, ਕੰਬਲ, ਗੱਦੇ, ਰਜਾਈ, ਬੈਡ ਸ਼ੀਟਾਂ ਤੋਂ ਇਲਾਵਾ ਪਹਿਨਣ ਲਈ ਗਰਮ ਕੱਪੜੇ, ਕੋਟੀਆਂ, ਬੂਟ ਆਦਿ ਰੈਡ ਕਰਾਸ ਵੱਲੋਂ ਮੁਹੱਈਆ ਕਰਵਾਏ ਗਏ। ਇਸੇ ਤਰ੍ਹਾਂ ਹੀ ਰੈਡ ਕਰਾਸ ਸੁਸਾਇਟੀ ਵੱਲੋਂ ਇਨ੍ਹਾਂ ਬਜ਼ੁਰਗ ਔਰਤਾਂ ਲਈ ਹਰ ਮਹੀਨੇ ਲੋੜੀਂਦਾ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਇਨ੍ਹਾਂ ਲੋੜਵੰਦ ਬਜ਼ੁਰਗ ਔਰਤਾਂ ਨੂੰ ਸਕੱਤਰ ਰੈਡ ਕਰਾਸ ਦਾ ਮੋਬਾਇਲ ਨੰਬਰ ਵੀ ਦੇ ਦਿੱਤਾ ਗਿਆ ਹੈ ਤਾਂ ਜੋ ਜ਼ਰੂਰਤ ਪੈਣ ਤੇ ਉਨ੍ਹਾ ਨਾਲ ਰਾਬਤਾ ਕੀਤਾ ਜਾ ਸਕੇ। ਇਨ੍ਹਾਂ ਬਜ਼ੁਰਗ ਔਰਤਾਂ ਦੀ ਪੈਨਸ਼ਨ ਲੱਗੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਜੀ.ਓ. ਸਹਿਯੋਗ ਵੈਲਫ਼ੇਅਰ ਸੁਸਾਇਟੀ ਦੀ ਮੱਦਦ ਨਾਲ ਇਨ੍ਹਾਂ ਬਜ਼ੁਰਗ ਔਰਤਾਂ ਦੇ ਮਕਾਨ ਦੀ ਮੁਰੰਮਤ ਵੀ ਕਰਵਾਈ ਜਾਵੇਗੀ।