You are currently viewing ਸੂਬਾ ਸਰਕਾਰ ਵਾਤਾਵਰਣ ਪੱਖੀ ਕਿਸਾਨਾਂ ਤੇ ਸੰਸਥਾਵਾਂ ਨੂੰ ਇਸ ਨੇਕ ਕੰਮ ਸਬੰਧੀ ਉਤਸ਼ਾਹਿਤ ਕਰਨ ਲਈ ਵਚਨਬੱਧ : ਕੁਲਤਾਰ ਸੰਧਵਾਂ

ਸੂਬਾ ਸਰਕਾਰ ਵਾਤਾਵਰਣ ਪੱਖੀ ਕਿਸਾਨਾਂ ਤੇ ਸੰਸਥਾਵਾਂ ਨੂੰ ਇਸ ਨੇਕ ਕੰਮ ਸਬੰਧੀ ਉਤਸ਼ਾਹਿਤ ਕਰਨ ਲਈ ਵਚਨਬੱਧ : ਕੁਲਤਾਰ ਸੰਧਵਾਂ

ਸਪੀਕਰ ਸੰਧਵਾਂ ਨੇ 300 ਵਾਤਾਵਰਣ ਪ੍ਰੇਮੀਆਂ ਅਤੇ ਕਿਸਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਆਪਣੇ ਹੱਥੀਂ ਲਗਾਏ ਗਏ ਪੌਦੇ

 

ਹਰਿਰਾਏਪੁਰ (ਬਠਿੰਡਾ), 21 ਨਵੰਬਰ (ਲਖਵਿੰਦਰ ਸਿੰਘ ਗੰਗਾ)

 

ਗੁਰਦੁਆਰਾ ਪਾਤਸ਼ਾਹੀ ਸੱਤਵੀਂ ਹਰਿਰਾਏਪੁਰ ਸਾਹਿਬ ਵਿਖੇ ਵਾਤਾਵਰਨ ਪ੍ਰੇਮੀ  ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਬਠਿੰਡਾ, ਮਾਨਸਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ, ਨਿੱਜੀ ਜਾਂ ਪੰਚਾਇਤੀ ਜ਼ਮੀਨਾਂ ਵਿੱਚ ਜੰਗਲ ਲਗਾਉਣ ਵਾਲਿਆਂ ਦੇ ਵਿਸ਼ੇਸ਼ ਸਨਮਾਨ ਲਈ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ(ਰਜਿ.) ਫਰੀਦਕੋਟ ਅਤੇ ਫਰੀ ਪਲਾਂਟਟੇਸ਼ਨ ਬਠਿੰਡਾ ਵੱਲੋਂ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਸ਼ਾਮਲ ਹੋਏ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਪੌਦੇ ਵੀ ਲਗਾਏ ਅਤੇ ਵਾਤਾਵਰਨ ਪ੍ਰੇਮੀ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 300 ਵਾਤਾਵਰਨ ਪ੍ਰੇਮੀਆਂ ਦਾ ਪ੍ਰਸੰਸਾ ਪੱਤਰ ਅਤੇ ਇੱਕ-ਇੱਕ ਪੌਦਾ ਦੇ ਕੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਫਰੀ ਪਲਾਂਟਟੇਸ਼ਨ ਬਠਿੰਡਾ ਵੱਲੋਂ ਵਾਤਾਵਰਨ ਪ੍ਰਤੀ ਕੀਤੇ ਜਾ ਰਹੇ ਸੁਧਾਰ ਅਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ।

ਸਪੀਕਰ ਸ. ਸੰਧਵਾਂ ਨੇ ਵਾਤਾਵਰਣ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾ ਰਹੇ ਕਿਸਾਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਿਰਫ਼ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਵੀ ਪਵਿੱਤਰ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰ ਕਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਸੰਭਾਲ ਲਈ ਇਹੋ ਜਿਹੇ ਸਾਰਥਕ ਯਤਨ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ।

ਸਪੀਕਰ ਸ. ਸੰਧਵਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਯੋਧੇ ਦੱਸਦਿਆਂ ਕਿਹਾ ਕਿ ਇਨ੍ਹਾਂ ਤੇ ਜ਼ਰੂਰ ਬਾਬੇ ਨਾਨਕ ਦੀ ਕ੍ਰਿਪਾ ਹੋਈ ਹੈ। ਉਨ੍ਹਾਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋਣ ਬਾਰੇ ਨੁਕਸਾਨ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤਾਂ ਘਟਦੀ ਹੀ ਹੈ, ਸਗੋਂ ਇਸ ਨਾਲ ਖੁਦ, ਪਰਿਵਾਰ ਅਤੇ ਸਮਾਜ ਨੂੰ ਪ੍ਰਦੂਸ਼ਨ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਅਸੀਂ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਘੱਟ ਖਰਚੇ ਨਾਲ ਵੱਧ ਪੈਦਾਵਾਰ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕਦੇ ਹਾਂ।

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਅਤੇ ਨਾੜ ਆਦਿ ਨੂੰ ਅੱਗ ਲਗਾਉਣ ਨਾਲ ਜਿੱਥੇ ਜੀਵ ਜੰਤੂਆਂ ਮਰਦੇ ਹਨ ਉਥੇ ਮਿੱਟੀ ਦੀ ਕੁਆਲਿਟੀ ਵੀ ਘਟਦੀ ਹੈ ਅਤੇ ਦੂਜੇ ਪਾਸੇ ਅੱਗ ਨਾ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਗੁਰੂ ਜੀ ਦੀ ਸਿੱਖਿਆ ਨੂੰ ਧਿਆਨ ਵਿੱਚ ਰਖਦਿਆਂ ਝੋਨੇ ਦੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰਹੇਜ਼ ਕਰਨਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਬਾਜਾ, ਕਨਵੀਨਰ ਨਰੋਆ ਪੰਜਾਬ ਮੰਚ, ਕੋਆਰਡੀਨੇਟਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ  ਦੱਸਿਆ ਕਿ ਧਰਤੀ ਹੇਠਲਾ ਪਾਣੀ 16 ਸਾਲਾਂ ਦੇ ਲਗਭਗ ਪਾਣੀ ਰਹਿ ਗਿਆ ਹੈ, ਪੰਜਾਬ ਵਿੱਚ ਜੰਗਲਾਤ 33% ਤੋਂ ਘੱਟ ਕੇ 3.67%  ਰਹਿ ਗਿਆ। ਮਾੜੇ ਵਾਤਾਵਰਨ ਕਰਕੇ ਪੰਜਾਬੀਆਂ ਦੀ ਸਿਹਤ ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੇਜ਼ੀ ਨਾਲ ਵੱਧ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਜ਼ਿੰਮੇਵਾਰੀ ਵੀ ਹੈ। ਇਸ ਮੌਕੇ ਕਿਸਾਨਾਂ ਵੱਲੋਂ ਆਪਣੇ-ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਗਏ। ਇਸ ਮੌਕੇ ਸਪੀਕਰ ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਹੱਥੀਂ ਪੌਦੇ ਵੀ ਲਗਾਏ ਗਏ।

ਇਸ ਦੌਰਾਨ ਇੰਜ.ਜਸਕੀਰਤ ਸਿੰਘ ਲੁਧਿਆਣਾ ਨੇ ਵੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਬਿਨ੍ਹਾਂ ਅੱਗ ਲਗਾਏ ਹੋਣ ਵਾਲੇ ਫ਼ਾਇਦਿਆਂ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਤੋਂ ਪਹਿਲਾਂ ਫਰੀ ਪਲਾਂਟਟੇਸ਼ਨ ਬਠਿੰਡਾ ਦੇ ਆਗੂ ਮਨਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ. ਗੁਰਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕੀ ਉਕਤ ਸੰਸਥਾਵਾਂ ਤੋ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਲੋਂ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਵੱਖ-ਵੱਖ ਜ਼ਿਲ੍ਹਿਆ ਦੇ ਮੁੱਖ ਖੇਤੀਬਾੜੀ ਅਫ਼ਸਰ ਅਤੇ ਵਣ ਰੇਂਜ ਅਫ਼ਸਰਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ ਸਪੀਕਰ ਵਿਧਾਨ ਸਭਾ, ਰਜਿੰਦਰ ਸਿੰਘ ਬਰਾੜ , ਗਗਨਜੋਤ ਸਿੰਘ ਬਰਾੜ, ਮਾਸਟਰ ਹਰਦੀਪ ਸਿੰਘ ਕੋਟਕਪੂਰਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਹੋਰ ਪਤਵੰਤੇ ਆਦਿ ਹਾਜ਼ਰ ਸਨ ।