You are currently viewing ਦੇਸ਼ ਲਈ ਹੋਏ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀਂ ਭੁਲਾਇਆ ਨਹੀਂ ਜਾ ਸਕਦਾ : ਪਰਮਿੰਦਰ ਕੌਰ

ਦੇਸ਼ ਲਈ ਹੋਏ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀਂ ਭੁਲਾਇਆ ਨਹੀਂ ਜਾ ਸਕਦਾ : ਪਰਮਿੰਦਰ ਕੌਰ

• ਸ਼ਹੀਦਾਂ ਦੀ ਸ਼ਹਾਦਤ ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ

• ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੀ ਤੀਸਰੀ ਬਰਸੀਂ ਮੌਕੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜ਼ਲੀ

ਬਠਿੰਡਾ, 5 ਅਗਸਤ (ਲਖਵਿੰਦਰ ਸਿੰਘ ਗੰਗਾ)

 

ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇਂ ਵੀ ਭੁਲਾਇਆ ਨਹੀਂ ਜਾ ਸਕਦਾ, ਉਹ ਹਮੇਸ਼ਾ ਲਈ ਸਾਡੇ ਚੇਤਿਆਂ ਵਿੱਚ ਵਸ ਜਾਂਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਪਰਮਿੰਦਰ ਕੌਰ ਨੇ ਸਥਾਨਕ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਮਨਾਈ ਗਈ ਉਨ੍ਹਾਂ ਦੀ ਤੀਸਰੀ ਬਰਸੀ ਦੌਰਾਨ ਨਮ ਅੱਖਾਂ ਨਾਲ ਸਰਧਾਂਜਲੀ ਦੇਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਮੂਹ ਪਰਿਵਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਿਹਾ।
ਇਸ ਮੌਕੇ ਮਾਤਾ ਸ਼੍ਰੀਮਤੀ ਪਰਮਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਦੇ ਲਾਸਾਨੀ ਯੋਗਦਾਨ ਦੀ ਮਿਸਾਲ ਪੂਰੇ ਵਿਸ਼ਵ ਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਇਨ੍ਹਾਂ ਸ਼ਹੀਦਾਂ ਦੇ ਰਿਣੀ ਰਹਾਂਗੇ। ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਇਸ ਢੰਗ ਨਾਲ ਚਲਾਈਏ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਾਰਤ ਦੀ ਫੌਜ ਤੇ ਬਹੁਤ ਮਾਣ ਹੈ, ਜਿਨ੍ਹਾਂ ਦੀ ਮਿਹਨਤ ਅਤੇ ਕੁਰਬਾਨੀਆਂ ਸਦਕਾ ਅਸੀਂ ਅਮਨ ਸ਼ਾਤੀ ਨਾਲ ਆਪਣੇ ਪਰਿਵਾਰ ਚ ਰਹਿ ਰਹੇ ਹਾਂ।

ਇਸ ਦੌਰਾਨ ਸ਼੍ਰੀਮਤੀ ਪਰਮਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਕਦੇ ਵੀ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਦਾ ਸਾਹਮਣਾ ਕਰਕੇ ਅੱਗੇ ਵੱਲ ਵਧੋ। ਉਨ੍ਹਾਂ ਕਿਹਾ ਕਿ ਪੜ੍ਹ-ਲਿਖ ਕੇ ਆਪਣੇ ਦੇਸ਼ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੋ। ਇਸ ਦੌਰਾਨ ਉਨ੍ਹਾਂ 6ਵੀਂ ਤੋਂ 12 ਕਲਾਸ ਦੀਆਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸੇਵਾ ਮੁਕਤ ਲੈਕਚਰਾਰ ਮੈਡਮ ਸੁਰਿੰਦਰਪਾਲ ਕੌਰ ਨੇ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੀ ਜੀਵਨੀ ਬਾਰੇ ਸਕੂਲੀ ਵਿਦਿਆਰਥਣਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ 5 ਅਗਸਤ 1985 ਨੂੰ ਬਠਿੰਡਾ ਵਿਖੇ ਹੋਇਆ। 12ਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫ਼ੈਸ ਅਕੈਡਮੀ ਖ਼ਡਕਵਾਸਲਾ ਚ ਦਾਖਲਾ ਲਿਆ ਤੇ 2007 ਚ ਸਿਗਨਲ ਕੋਰ ਚ ਕਮਿਸ਼ਨਡ ਅਫ਼ਸਰ ਬਣ ਗਏ।

ਉਨ੍ਹਾਂ ਕਿਹਾ ਕਿ ਫ਼ੌਜ ਵਿੱਚ 12 ਸਾਲ ਦੀ ਸੇਵਾ ਦੌਰਾਨ ਅਨੇਕਾਂ ਹੀ ਚੁਣੌਤੀ ਭਰਪੂਰ ਅਪਰੇਸ਼ਨਾਂ ਨੂੰ ਸਫ਼ਲਤਾ ਪੂਰਵਕ ਅੰਜਾਮ ਦਿੱਤਾ ਜਿਸ ਕਰਕੇ ਉਹ ਜਾਬਾਂਜ਼ ਤੇ ਬਹਾਦਰ ਫੌਜੀ ਅਫ਼ਸਰ ਵਜੋਂ ਜਾਣੇ ਜਾਂਦੇ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਮੇਜਰ ਸੰਧੂ ਨੂੰ ਵਿਸ਼ੇਸ਼ ਉਪਲਬਧੀਆਂ ਕਾਰਨ ਸਪੈਸ਼ਲ ਸੇਵਾ ਮੈਡਲ, ਸੈਨਾ ਸੇਵਾ ਮੈਡਲ ਅਤੇ ਯੂਨਾਈਅਡ ਨੇਸ਼ਨਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 17 ਜੂਨ 2019 ਨੂੰ ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ ਚ ਯੂਨਾਇਟਿਡ ਨੇਸ਼ਨਜ਼ ਮਿਸ਼ਨ ਚ ਵਿਸ਼ੇਸ਼ ਤੌਰ ਤੇ ਚੁਣੇ ਗਏ ਤੇ 21 ਅਕਤੂਬਰ 2019 ਨੂੰ ਯੂਐਨਓ ਵਲੋਂ (UNMISS) ਐਵਾਰਡ ਨਾਲ ਨਿਵਾਜੇ ਗਏ। ਮੇਜਰ ਰਵੀ ਇੰਦਰ ਸਿੰਘ ਸੰਧੂ 6 ਨਵੰਬਰ 2019 ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਸੁਰੱਖਿਆ ਮੁਹਿੰਮ ਵਿੱਚ ਦੱਖਣੀ ਸੁਡਾਨ ਵਿਖੇ ਡਿਊਟੀ ਦਿੰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਦਲੇਰੀ ਨਾਲ ਡਿਊਟੀ ਨਿਭਾਉਣ ਅਤੇ ਕੁਰਬਾਨੀ ਦੇ ਸਤਿਕਾਰ ਵਜੋਂ 29 ਮਈ 2020 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਲੋਂ ਉਨ੍ਹਾਂ ਨੂੰ ਸ਼ਹੀਦੀ ਉਪਰੰਤ “ਡੈਗ ਹਮਰਕਸਜੋਲਡ ਮੈਡਲ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੇ ਧਰਮ ਪਤਨੀ ਤਨਵੀਰ ਕੌਰ ਜੋ ਕਿ ਤਲਵੰਡੀ ਸਾਬੋ ਅਤੇ ਮੌੜ ਵਿਖੇ ਤਹਿਸੀਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਸਤਿਕਾਰਯੋਗ ਪਿਤਾ ਪ੍ਰੋ: ਜਸਬੀਰ ਸਿੰਘ, ਰਣਅਜੈ ਸਿੰਘ, ਡਾ. ਮਨਪ੍ਰੀਤ ਕੌਰ ਗਿੱਲ, ਡਾ. ਸਤਿੰਦਰ ਪਾਲ, ਸ਼੍ਰੀਮਤੀ ਪਰਮਜੀਤ ਕੌਰ, ਸ. ਰਾਜਵੀਰ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸੁਰਿੰਦਰਪਾਲ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।