“ਖੇਡਾਂ ਵਤਨ ਪੰਜਾਬ ਦੀਆਂ”
84 ਸਾਲਾ ਮੋਹਿੰਦਰ ਨੇ 74 ਸਾਲਾ ਅਵਤਾਰ ਨਾਲ ਖੇਡਿਆ ਟੇਬਲ ਟੈਨਿਸ
ਬਠਿੰਡਾ, 20 ਸਤੰਬਰ (ਗੁਰਜਿੰਦਰ ਸਿੰਘ)
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ “ਖੇਡਾਂ ਵਤਨ ਪੰਜਾਬ ਦੀਆਂ” ਚ 50 ਸਾਲ ਤੋਂ ਉਪਰ ਬਜ਼ੁਰਗ ਖਿਡਾਰੀਆਂ ਵਲੋਂ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਬੈਡਮਿੰਟਨ ਵਿੱਚ ਆਰੀਅਨ ਨਾਮ ਦੇ ਸਾਢੇ 5 ਸਾਲਾ ਖਿਡਾਰੀ ਨੇ ਵੀ ਅੰਡਰ-14 ਵਿੱਚ ਭਾਗ ਲੈ ਕੇ ਆਪਣੀ ਖੇਡ ਨਾਲ ਲੋਹਾ ਮਨਵਾਇਆ ਉੱਥੇ ਦੂਜੇ ਪਾਸੇ 50 ਸਾਲ ਤੋਂ ਵੱਡੀ ਉਮਰ ਦੇ ਖਿਡਾਰੀਆਂ ਦੇ ਵੀ ਜੌਹਰ ਦੇਖਣ ਨੂੰ ਮਿਲੇ। ਬਠਿੰਡਾ ਦੇ ਸਿਵਲ ਲਾਈਨਜ ਵਿਖੇ ਚੱਲ ਰਹੇ ਟੇਬਲ ਟੈਨਿਸ ਗ੍ਰਾਊਡ ਵਿੱਚ 84 ਸਾਲਾ ਟੇਬਲ ਟੈਨਿਸ ਖਿਡਾਰੀ ਮੋਹਿੰਦਰ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਦੇ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਪੁੱਜੇ।
ਉਨ੍ਹਾਂ ਦੱਸਿਆ ਕਿ ਸ੍ਰੀ ਮੋਹਿੰਦਰ ਸਿੰਘ ਨਿਵਾਸੀ ਗੋਨਿਆਣਾ ਜੋ ਕਿ ਰਿਟਾਇਰਡ ਜ਼ਿਲ੍ਹਾ ਖੇਡ ਅਫਸਰ ਹਨ। ਆਪਣੀ ਜਵਾਨੀ ਸਮੇਂ ਪੋਲਵਾਲਟ, ਕਬੱਡੀ ਅਤੇ ਜਿਮਨਾਸਟਿਕ ਦੇ ਖਿਡਾਰੀ ਰਹਿ ਚੁੱਕੇ ਹਨ ਮੋਹਿੰਦਰ ਸਿੰਘ ਪੁਰਾਣੇ ਪੰਜਾਬ ਸਮੇਂ (ਜਦੋਂ ਹਰਿਆਣਾ, ਹਿਮਾਚਲ, ਪੈਪਸੂ ਪੰਜਾਬ ਦਾ ਹਿੱਸਾ ਸੀ) ਦੇ ਦੂਜੇ ਨੰਬਰ ਦੇ ਖਿਡਾਰੀ ਗਿਣੇ ਜਾਂਦੇ ਸਨ।
ਇਸ ਮੌਕੇ ਮੋਹਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਸਲਾਘਾ ਕਰਦਿਆਂ ਅਜਿਹੀਆਂ ਖੇਡਾਂ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਟੇਬਲ ਟੈਨਿਸ ਵਿੱਚ ਸ੍ਰੀ ਮੋਹਿੰਦਰ ਸਿੰਘ ਦਾ ਸਾਹਮਣਾ ਕਰਨ ਵਾਲੇ ਅਵਤਾਰ ਸਿੰਘ (74 ਸਾਲ) ਜੋ ਕਿ ਰਿਟਾਇਰਡ ਪ੍ਰਿੰਸੀਪਲ ਹਨ, ਨੇ ਆਪਣਾ ਖੇਡ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਸਲਾਘਾਯੋਗ ਉਪਰਾਲੇ ਨੇ ਉਨਾਂ ਨੂੰ ਜਵਾਨੀ ਦੇ ਦਿਨ ਯਾਦ ਕਰਾ ਦਿੱਤੇ ਹਨ। ਜਿਸਦੇ ਕਾਰਨ ਖੇਡਣ ਦਾ ਸਬੱਬ ਬਣਿਆ ਹੈ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਖੇਡਦੇ ਰਹਿਣਗੇ।