ਆਖਰ ਕੀ ਹੈ ਟਵਿਨ ਟਾਵਰ ਮਾਮਲਾ !
ਭਾਰਤ ਦੇਸ਼ ਦੇ ਇਤਿਹਾਸ ‘ਚ ਅੱਜ ਦਾ ਦਿਨ ਬਹੁਤ ਯਾਦਗਾਰ ਮੰਨਿਆ ਜਾਵੇਗਾ, ਦਰਅਸਲ ਬਹੁਤ ਵੱਡੇ ਬਿਜਨਸਮੈਨ ਆਰ ਕੇ ਅਰੋੜਾ ਦੀ ਕੰਪਨੀ ਸੁਪਰਟੈਕ ਨੂੰ, 2004 ‘ਚ ਨੋਇਡਾ ਪਰਾਧਿਕਰਣ ਵੱਲੋਂ ਸੈਕਟਰ 94 ਏ ਵਿਖੇ, ਹਾਊਸਿੰਗ ਸੋਸਾਇਟੀ ਬਣਾਉਣ ਲਈ ਜਮੀਨ ਦਾ ਟੁਕੜਾ ਅਲਾਟ ਕੀਤਾ ਗਿਆ, ਫੇਰ ਸਰਕਾਰੀ ਅਫ਼ਸਰਸ਼ਾਹੀ, ਰਾਜਨੇਤਾ ਤੇ ਵੱਡੇ ਬਿਜਨਸਮੈਨ ਦੇ ਨਾਪਾਕ ਗਠਜੋੜ ਨੇ, ਉਸੇ ਤਰਾਂ ਨਿਯਮਾਂ ਨੂੰ ਛਿੱਕੇ ਟੰਗਕੇ ਸਾਰੇ ਕਾਨੂੰਨਾਂ ਨੂੰ ਛਿੱਤਰ ਹੇਠ ਰੱਖਦਿਆਂ, ਕਿੰਨੀ ਹੀ ਵਾਰ ਨਿਯਮਾਂ ‘ਚ ਅਤੇ ਨਕਸ਼ੇ ‘ਚ ਇਸ ਤਰਾਂ ਬਦਲਾਅ ਕੀਤਾ ਕਿ ਸੁਪਰਟੈਕ ਕੰਪਨੀ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ। ਹਾਲਾਤ ਇਹ ਬਣਾ ਦਿੱਤੇ ਗਏ ਕਿ ਕੰਪਨੀ ਜਿਸ ਨੂੰ ਪਹਿਲੇ 11 ਮੰਜਲਾਂ ਦੀ ਮਨਜੂਰੀ ਸੀ, ਭ੍ਰਿਸ਼ਟ ਸਿਸਟਮ ਨਾਲ ਖਿੱਚ ਕੇ 40 ਤੇ ਲੈ ਗਈ, ਅਸਲ ਗੋਰਖਧੰਦਾ ਦੇਖੋ, ਕੰਪਨੀ ਨੇ ਕੁੱਲ 14 ਕਿੱਲੇ ਜਮੀਨ ਚੋਂ ਸਾਢੇ 12 ਕਿੱਲੇ ਜਮੀਨ ਤੇ ਬਾਕੀ ਸੋਸਾਇਟੀ ਇਹ ਕਹਿ ਕੇ ਬਣਾਈ ਸੀ ਕਿ ਰਹਿੰਦੇ ਡੇਢ ਕਿੱਲੇ ‘ਚ ਹਰਿਆਲੀ ਦੇ ਤੌਰ ਤੇ ਪਾਰਕ ਬਣਾਇਆ ਜਾਵੇਗਾ, ਜਦਕਿ ਬਾਅਦ ‘ਚ 2009 ‘ਚ ਇਸੇ ਡੇਢ ਕਿੱਲੇ ‘ਚ, ਨੋਇਡਾ ਪਰਾਧਿਕਰਣ ਤੇ ਕੰਪਨੀ ਨੇ ਮਿਲੀਭੁਗਤ ਕਰਕੇ, ਦੋ ਟਾਵਰ ‘ਅਪੈਕਸ’ ਤੇ ‘ਸਿਆਨੇ’ ਬਣਾਉਣੇ ਸ਼ੁਰੂ ਕਰ ਦਿੱਤੇ, ਦਰਅਸਲ ਕੰਪਨੀ ਦਾ ਉਦੇਸ਼, ਇਸ ਡੇਢ ਕਿੱਲੇ ‘ਚ, ਬਾਕੀ ਸਾਢੇ ਬਾਰਾਂ ਕਿੱਲਿਆਂ ਜਿੰਨੀ ਜਨਤਾ ਨੂੰ ਧੱਕ ਕੇ, ਜਬਰਦਸਤ ਮੁਨਾਫ਼ਾ ਕਮਾਉਣਾ ਸੀ ਤੇ ਉਹ ਕਾਮਯਾਬ ਹੋ ਵੀ ਰਹੇ ਸਨ, ਇਸ ਲਈ ਉਹਨਾਂ ਇਸ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ, ਜਦਕਿ ਉਪਰ ਜਾ ਕੇ ਦੋਵੇਂ ਟਾਵਰਾਂ ਦੀ ਆਪਸੀ ਦੂਰੀ 9 ਮੀਟਰ ਹੀ ਸੀ, ਜਦਕਿ ਅੱਗ ਤੋਂ ਸੁਰੱਖਿਆ ਲਈ ਦੂਰੀ ਦੀ ਘੱਟੋ-ਘੱਟ ਸ਼ਰਤ 20 ਮੀਟਰ ਹੈ।
ਹੁਣ ਇੰਨੇ ਵੱਡੇ ਬੰਦੇ, ਸਰਕਾਰੀ ਪੁਸ਼ਤਪਨਾਹੀ ਨਾਲ ਸ਼ਰੇਆਮ ਧੱਕਾ ਕਰ ਰਹੇ ਸਨ, ਸਾਰਿਆਂ ਨੂੰ ਲੱਗਾ ਕਿ ‘ਡਾਢੇ ਦਾ ਸੱਤੀ ਵੀਹੀਂ ਸੋ ਆਲੀ ਗੱਲ ਹੈ’, ਪਰ ਇਸੇ ਸੋਸਾਇਟੀ ਦੇ ਚਾਰ ਦਲੇਰ ਬਜ਼ੁਰਗਾਂ ਨੇ ਲਗਾਤਾਰ 12 ਸਾਲ ਕੋਰਟ ‘ਚ ਸੰਘਰਸ਼ ਕਰਦੇ ਹੋਏ, ਧਮਕੀਆਂ ਦੇ ਡਰ ਤੇ ਪੈਸੇ ਦੇ ਲਾਲਚ ਨੂੰ ਪਿੱਛੇ ਛੱਡਕੇ ਅੱਜ ਇਸ ਵੱਡੇ ਮਗਰਮੱਛਾਂ ਨੂੰ ਨੁਕਰੇ ਲਾ ਦਿੱਤਾ ਹੈ। ਇੰਨਾਂ ਚਾਰਾਂ ‘ਚ, ਭਾਰਤੀ ਫੌਜ ਤੋਂ ਰਿਟਾਇਰਡ ਸਾਬਕਾ ਅਫ਼ਸਰ 79 ਸਾਲਾ ਉਦੈ ਭਾਨ ਤੇਵਤਿਆ ਦਾ ਪ੍ਰਮੁੱਖ ਰੋਲ ਹੈ ਤੇ ਇਨਾਂ ਦੇ ਨਾਲ 74 ਸਾਲਾ ਟੈਲੀਫੋਨ ਮਹਿਕਮੇ ਤੋਂ ਰਿਟਾਇਰਡ ਅਫਸਰ ਐਸ ਕੇ ਸ਼ਰਮਾ, 59 ਸਾਲਾਂ ਦੀ ਉਮਰ ‘ਚ ਪਿਛਲੇ ਸਾਲ ਪੂਰੇ ਹੋਏ ਐਮ ਕੇ ਜੈਨ ਤੇ 65 ਸਾਲਾ, ਰਵੀ ਬਜਾਜ । ਇੰਨਾਂ ਬਜ਼ੁਰਗਾਂ ਨੇ ਹਾਈਕੋਰਟ ਤੇ ਸੁਪਰੀਮ ਕੋਰਟ ‘ਚ ਲਗਾਤਾਰ ਲੜਾਈ ਲੜੀ ਤੇ ਅਖੀਰ ਕੋਰਟ ਨੇ ਕੰਪਨੀ ਤੇ ਸਰਕਾਰੀ ਅਧਿਕਾਰੀਆਂ ਤੇ ਜਬਰਦਸਤ ਇਤਿਹਾਸਕ ਕਾਰਵਾਈ ਕਰਦੇ ਹੋਏ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੀ ਨ੍ਹੀਂ ਦਵਾਏ ਸਗੋਂ ਅੱਜ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ, ਕੁਤੁਬ ਮੀਨਾਰ ਤੋਂ ਵੀ ਉੱਚੀ ਇਮਾਰਤ ਨੂੰ ਇਸ ਤਰੀਕੇ ਨਾਲ ਮਲੀਆਮੇਟ ਕੀਤਾ ਤਾਂ ਜੋ ਭਵਿੱਖ ‘ਚ ਆਪਣੇ ਨਿੱਜੀ ਮੁਫਾਦਾਂ ਲਈ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਕਾਰਪੋਰੇਟ ਲੱਖ ਵਾਰੀ ਸੋਚਣ ਪਰ ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਜਿੰਨਾਂ ਹਜ਼ਾਰਾਂ ਹਾਊਸਿੰਗ ਕਾਲੋਨੀਆਂ ‘ਚ ਅਜਿਹੇ ਸਿਰੜੀ, ਸੰਘਰਸ਼ਸ਼ੀਲ ਬਜ਼ੁਰਗ ਨ੍ਹੀਂ ਵਸਦੇ, ਉਨਾਂ ਟਾਵਰਾਂ ਨੂੰ ਕੌਣ ਢਾਊ???
ਅਸ਼ੋਕ ਸੋਨੀ