ਬਠਿੰਡਾ, 17 ਅਗਸਤ (ਲਖਵਿੰਦਰ ਸਿੰਘ ਗੰਗਾ)
1 ਜਨਵਰੀ 2023 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿਚ ਸਮੂਹ ਮਾਨਤਾ ਪ੍ਰਾਪਤ ਰਜਨੀਤਿਕ ਪਾਰਟੀਆਂ ਦੇ ਨੁਇੰਦਿਆਂ ਨਾਲ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਪੁਲਿਸ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦਾ ਕੰਮ 4 ਅਗਸਤ 2022 ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਬਠਿੰਡਾ ਵਿੱਚ 1192 ਪੋਲਿੰਗ ਸਟੇਸ਼ਨ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਇਕ ਪੋਲਿੰਗ ਸਟੇਸ਼ਨ ਤੇ ਵੱਧ ਤੋਂ ਵੱਧ 1500 ਵੋਟਰਾਂ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਕਿਸੇ ਵੀ ਪੋਲਿੰਗ ਸਟੇਸ਼ਨ ਤੇ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਨਹੀਂ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਦੀ ਚੋਣ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਵੇਗਾ ਫਿਰ ਵੀ ਜੇਕਰ ਕਿਸੇ ਪੋਲਿੰਗ ਸਟੇਸ਼ਨ ਦੀ ਇਮਾਰਤ ਜਾਂ ਸੈਕਸ਼ਨ ਵਿੱਚ ਤਬਦੀਲੀ ਦੀ ਲੋੜ ਹੈ ਤਾਂ ਉਹ ਆਪਣੇ ਸੁਝਾਅ 25 ਅਗਸਤ 2022 ਤੱਕ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਪਾਸ ਜਮ੍ਹਾਂ ਕਰਵਾ ਸਕਦੇ ਹਨ। ਬੀ.ਐਲ.ਓ ਵੱਲੋਂ ਸਵੈ ਇਛੁਕ ਆਧਾਰ ਤੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਸਮੂਹ ਵੋਟਰਾਂ ਵੱਲੋਂ ਫਾਰਮ ਨੰਬਰ 6ਬੀ ਆਨਲਾਈਨ/ਆਫਲਾਈਨ ਭਰਿਆ ਜਾਣਾ ਹੈ।
ਉਨ੍ਹਾਂ ਕਿਹਾ ਕਿ ਸਮੂਹ ਨੁਮਾਇੰਦਿਆਂ ਆਪਣੇ ਵਰਕਰਾਂ ਰਾਹੀਂ ਇਸ ਮੰਤਵ ਨੂੰ ਪੂਰਾ ਕਰਨ ਲਈ ਬੀ.ਐਲ.ਓ. ਦਾ ਸਹਿਯੋਗ ਲੈਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01-07-2023 ਦੇ ਆਧਾਰ ਤੇ ਦਾਅਵੇ/ਇਤਰਾਜ਼ ਮਿਤੀ 09.11.2022 ਤੋਂ 08.12.2022 ਤੱਕ ਪ੍ਰਾਪਤ ਕੀਤੇ ਜਾਣਗੇ। ਮਿਤੀ 19,20 ਨਵੰਬਰ 2022 ਅਤੇ 3, 4 ਦਸੰਬਰ 2022 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਦਾਅਵੇ ਇਤਰਾਜ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਲਗਾਉਣਗੇ।
ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਨੇ ਇਹ ਵੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਰਜਿਸਟਰੇਸ਼ਨ ਲਈ ਹਰ ਸਾਲ 4 ਮੌਕੇ ਦਿੱਤੇ ਜਾਣਗੇ। ਹੁਣ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਆਧਾਰ ਮੰਨ ਕੇ ਵੋਟਰ ਰਜਿਸਟਰੇਸ਼ਨ ਕੀਤੀ ਜਾਇਆ ਕਰੇਗੀ। ਦਾਅਵਾ ਇਤਰਾਜ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in, Voter Helpline App ਅਤੇ Voter Portal ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਹੁਲ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥਵਾਰ ਬੀ.ਐਲ.ਏ. ਨਿਯੁਕਤ ਕਰਕੇ ਲਿਸਟਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ ਸੌਂਪਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਸੁਨੀਲ ਕੁਮਾਰ, ਬਹੁਜਨ ਸਮਾਜ ਪਾਰਟੀ ਜੋਗਿੰਦਰ ਸਿੰਘ, ਆਮ ਆਦਮੀ ਪਾਰਟੀ ਐਮ.ਐਲ. ਜਿੰਦਲ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਕੁਲਜੀਤਪਾਲ ਸਿੰਘ ਅਤੇ, ਭਾਰਤੀ ਜਨਤਾ ਪਾਰਟੀ ਰਾਜਿੰਦਰ ਪ੍ਰਸਾਦ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਆਦਿ ਹਾਜ਼ਰ ਸਨ।