ਬਠਿੰਡਾ, 17 ਅਗਸਤ (ਲਖਵਿੰਦਰ ਸਿੰਘ ਗੰਗਾ)
ਪੰਜਾਬ ਸਰਕਾਰ ਵੱਲੋਂ ਸਾਉਣੀ ਦੀ ਮੁੱਖ ਫਸਲ ਨਰਮੇ ਦੀ ਫ਼ਸਲ ਨੂੰ ਪ੍ਰਫੁੱਲਿਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਹੀਰ ਦੀ ਪ੍ਰਧਾਨਗੀ ਤੇ ਬਲਾਕ ਖੇਤੀਬਾੜੀ ਅਫਸਰ ਡਾ. ਧਰਮ ਪਾਲ ਮੌਰੀਆ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਸਮੂਹ ਇਨਪੁਟਸ ਡੀਲਰਾਂ ਨਾਲ ਨਰਮੇ ਦੀ ਫਸਲ ਨੂੰ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਅਤੇ ਹੋਰ ਰਸ ਚੂਸਕ ਕੀੜਿਆਂ ਮਕੌੜਿਆਂ ਦੇ ਹਮਲੇ ਤੋਂ ਬਚਾਉਣ ਲਈ ਅਤੇ ਇਸਦੀ ਸੁਚੱਜੀ ਰੋਕਥਾਮ ਕਰਨ ਸਬੰਧੀ ਮੀਟਿੰਗ ਕੀਤੀ ਗਈ ਹੈ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਨੇ ਸਮੂਹ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਸਿਫਾਰਸਾਂ ਕੀਤੀਆਂ ਕੀਟਨਾਸ਼ਕ ਦਵਾਈਆਂ ਹੀ ਕਿਸਾਨਾਂ ਨੂੰ ਪੱਕੇ ਬਿੱਲ ਤੇ ਦਿੱਤੀਆਂ ਜਾਣ। ਬਲਾਕ ਖੇਤੀਬਾੜੀ ਅਫਸਰ ਡਾ. ਧਰਮ ਪਾਲ ਮੌਰੀਆ ਨੇ ਨਰਮੇ ਦੀ ਫਸਲ ਵਿੱਚ ਰਸ ਚੂਸਕ ਕੀੜੇ ਅਤੇ ਗੁਲਾਬੀ ਸੁੰਡੀ ਦੀਆਂ ਨਿਸਾਨੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਨਰਮੇ ਵਾਲੇ ਖੇਤ ਵਿੱਚ ਚਿੱਟੇ ਮੱਛਰ ਦੀ ਗਿਣਤੀ ਪ੍ਰਤੀ ਪੱਤਾ 6 ਜਾਂ ਇਸ ਤੋਂ ਵੱਧ ਮਿਲੇ ਤਾਂ ਕਿਸਾਨ ਭਰਾ ਮਹਿਕਮੇ ਵੱਲੋਂ ਸਿਫਾਰਸ ਸਫੀਨਾ 400 ਮੀਲੀ ਲਿਟਰ, ਉਸੀਨ 60 ਗ੍ਰਾਮ, ਪੋਲੋ 200 ਗ੍ਰਾਮ, ਈਥੀਆਨ 800 ਮਿਲੀ ਲਿਟਰ ਪ੍ਰਤੀ ਏਕੜ ਕਰਨ ਅਤੇ ਪਹਿਲੀ ਸਪਰੇ ਤੋਂ ਪੰਜ ਦਿਨ ਬਾਅਦ ਚਿੱਟੇ ਮੱਛਰ ਦੇ ਬੱਚ (ਨਿੰਫ) ਦੇ ਕੰਟਰੋਲ ਲਈ ਲੈਣੋ 500 ਮਿਲੀ ਲਿਟਰ ਜਾਂ ਓਬਰਾਨ 200 ਮਿਲੀ ਲਿਟਰ ਪ੍ਰਤੀ ਏਕੜ ਕਰਨ। ਇਸ ਮੌਕੇ ਮੀਟਿੰਗ ਵਿੱਚ ਆਏ ਡੀਲਰਾਂ ਵੱਲੋਂ ਹਾਂ ਪੱਖੀ ਹੁੰਘਾਰਾ ਭਰਦਿਆਂ ਕਿਸਾਨ ਹਿਤ ਵਿੱਚ ਕੰਮ ਕਰਨ ਦਾ ਵਿਸਵਾਸ਼ ਦਿਵਾਇਆ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਵਕੀਲ ਸਿੰਘ, ਸ਼੍ਰੀ ਸ਼ਿਵ ਪ੍ਰਸਾਦ ਏ.ਐੱਸ.ਆਈ, ਸ਼੍ਰੀ ਗੁਰਦੇਵ ਸਿੰਘ ਏ.ਐੱਸ.ਆਈ ਅਤੇ ਸ਼੍ਰੀ ਨਵਤੇਜ ਸਿੰਘ ਫੀਲਡਮੈਨ ਮੌਜੂਦ ਸਨ।