ਬਠਿੰਡਾ, 29 ਜੁਲਾਈ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ “ਆਮ ਆਦਮੀ ਪਾਰਟੀ” (ਆਪ) ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਵੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਨੇ ਸਥਾਨਕ ਸਿਵਲ ਹਸਪਤਾਲ ਦੇ ਕੀਤੇ ਗਏ ਅਚਨਚੇਤੀ ਦੌਰੇ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਬਠਿੰਡਾ (ਦਿਹਾਤੀ) ਦੇ ਵਿਧਾਇਕ ਸ਼੍ਰੀ ਅਮਿਤ ਰਤਨ, ਮੌੜ ਤੋਂ ਵਿਧਾਇਕ ਸ. ਸੁਖਬੀਰ ਸਿੰਘ ਮਾਈਸਰਖ਼ਾਨਾ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਐਸਐਸਪੀ ਜੇ. ਇਲਨਚੇਲੀਅਨ ਅਤੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਆਪਣੇ ਅਚਨਚੇਤੀ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਵਲੋਂ ਐਮਰਜੈਂਸੀ ਵਾਰਡ, ਏਆਰਟੀ ਸੈਂਟਰ, ਓਪੀਡੀ ਕੰਪਲੈਕਸ, ਡਰੱਗ ਵੇਅਰਹਾਊਸ ਤੇ ਜੱਚਾ-ਬੱਚਾ ਹਸਪਾਤਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਡਾਕਟਰੀ ਅਮਲੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਦੇ ਆਮ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਹਰ ਪੱਖ ਤੋਂ ਯਤਨਸ਼ੀਲ ਤੇ ਵਚਨਵੱਧ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਲੋਕ ਭਲਾਈ ਦੇ ਕੰਮਾਂ ਤੋਂ ਇਲਾਵਾ ਸ਼ਹਿਰਾਂ ਦੇ ਨਾਲ-ਨਾਲ ਗ਼ਰੀਬ ਬਸਤੀਆਂ ਤੇ ਪੇਂਡੂ ਲੋਕਾਂ ਤੱਕ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਤੇ ਜ਼ਮੀਨੀ ਪੱਧਰ ਉੱਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ 15 ਅਸਗਤ ਤੋਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ਤਹਿਤ ਬਠਿੰਡਾ ਜ਼ਿਲ੍ਹੇ ਚ 6 ਆਮ ਆਦਮੀ ਕਲੀਨਕ ਬਣਾਏ ਜਾ ਰਹੇ ਹਨ, ਜੋ ਕਿ 2 ਸ਼ਹਿਰੀ ਅਤੇ 4 ਪੇਂਡੂ ਖੇਤਰਾਂ ਨਾਲ ਸਬੰਧਤ ਹੋਣਗੇ। ਇਹ ਆਮ ਆਦਮੀ ਕਲੀਨਕ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋਣਗੇ।
ਇਸ ਦੌਰਾਨ ਕੈਬਨਿਟ ਮੰਤਰੀ ਸ. ਜੌੜਾ ਮਾਜਰਾ ਵਲੋਂ ਇੱਥੋ ਦੇ ਸਥਾਨਕ ਐਡਵਾਂਸਡਰ ਕੈਂਸਰ ਇੰਸਟੀਚਿਊਟ, ਖੇਤਾ ਸਿੰਘ ਬਸਤੀ ਚ ਸਥਿਤ ਆਮ ਆਦਮੀ ਕਲੀਨਕ, ਗੋਨਿਆਣਾ ਚ ਸਥਿਤ ਜੱਚਾ-ਬੱਚਾ ਹਸਪਤਾਲ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸੈਕਟਰੀ ਸ਼੍ਰੀ ਨੀਲ ਗਰਗ, ਟਰੇਡ ਵਿੰਗ ਦੇ ਸੂਬਾ ਵਾਇਸ ਪ੍ਰਧਾਨ ਸ਼੍ਰੀ ਅਨਿੱਲ ਠਾਕੁਰ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਅਮ੍ਰਿਤਲਾਲ ਅਗਰਵਾਲ, ਯੂਥ ਪ੍ਰਧਾਨ ਸ਼੍ਰੀ ਅਮਰਦੀਪ ਰਾਜਨ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ, ਕਮਲਦੀਪ ਕੌਰ, ਰਿਸ਼ੂ ਬਾਂਸਲ, ਲੋਕ ਸਭਾ ਬਠਿੰਡਾ ਦੇ ਇੰਚਾਰਜ ਸ਼੍ਰੀ ਰਾਕੇਸ਼ ਪੁਰੀ ਅਤੇ ਜ਼ਿਲ੍ਹਾ ਪ੍ਰਧਾਨ ਸੇਵਾ ਮੁਕਤ ਇੰਮਪਲਾਇਜ਼ ਯੂਨੀਅਨ ਸ਼੍ਰੀ ਬਲਦੇਵ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।