ਸ਼ਹਿਰ ਅੰਦਰਲੇ ਟੋਭਿਆਂ ਦੀ ਸਾਫ਼-ਸਫ਼ਾਈ ਕਰਨੀ ਬਣਾਈ ਜਾਵੇ ਯਕੀਨੀ: ਡਿਪਟੀ ਕਮਿਸ਼ਨਰ
250 ਗਜ ਤੋਂ ਉਪਰ ਬਣੇ ਤੇ ਭਵਿੱਖ ਚ ਬਨਣ ਵਾਲੇ ਮਕਾਨਾਂ ਵਿੱਚ ਹਾਰਵੈਸਟਰ (ਰੀਚਾਰਜ ਟੈਂਕ) ਬਣਵਾਉਣਾ ਹੋਵੇ ਲਾਜ਼ਮੀ
ਬਠਿੰਡਾ, 7 ਅਪ੍ਰੈਲ : ਪਰਗਟ ਰਹੂੜਿਆਂਵਾਲੀ
ਆਗਾਮੀ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰੇ ਦੇ ਮੱਦੇਨਜ਼ਰ ਸ਼ਹਿਰ ਅੰਦਰਲੇ ਸਾਰੇ ਟੋਭਿਆਂ ਦੀ ਸਾਫ਼-ਸਫ਼ਾਈ ਕਰਨੀ ਯਕੀਨੀ ਬਣਾਈ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸ਼ਹਿਰ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਅਗਾਊਂ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ।
ਇਸ ਮੌਕੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਸੀਵਰੇਜ਼ ਦੀ ਛੋਟੀ ਪਾਇਪ ਲਾਇਨ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਵੱਡੀ ਪਾਇਪ ਲਾਇਨ ਦੀ ਸਫ਼ਾਈ ਦਾ ਕੰਮ 20 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਜੋ ਕਿ ਜੂਨ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਪਰੇ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ 250 ਗਜ ਤੋਂ ਉਪਰ ਬਣੇ ਤੇ ਭਵਿੱਖ ਚ ਬਨਣ ਵਾਲੇ ਮਕਾਨਾਂ ਚ ਹਾਰਵੈਸਟਰ (ਰੀਚਾਰਜ ਟੈਂਕ) ਬਣਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਬਾਰਿਸ਼ਾਂ ਦੇ ਮੌਕੇ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਯਕੀਨੀ ਬਣਾਉਣ। ਬੈਠਕ ਦੌਰਾਨ ਉਨ੍ਹਾਂ ਬਰਨਾਲਾ ਰੋਡ ਤੇ ਬਣ ਰਹੇ ਓਵਰ ਬ੍ਰਿਜ਼ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸ਼ਹਿਰ ਅੰਦਰ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਲੋਂੜੀਦੇ ਆਦੇਸ਼ ਵੀ ਦਿੱਤੇ।
ਬੈਠਕ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਵਰ ਹਾਊਸ ਰੋਡ ਵਿਖੇ 100 ਐਮ.ਐਮ. ਦੀ ਪਾਈਪ ਲਾਈਨ ਲਗਾ ਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਵਿਚ ਸੁਧਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਰਕੀ ਬਜ਼ਾਰ ਦੇ ਡਿਸਪੋਜਲ ਦੀ ਆਗੂਮਨਟੇਸ਼ਨ ਕੀਤੀ ਗਈ ਹੈ ਤੇ ਨਗਰ ਨਿਗਮ ਵੱਲੋਂ ਇੱਕ ਵੱਖਰਾ ਪੰਪ ਵੀ ਲਗਾਇਆ ਗਿਆ ਹੈ। ਪਰਸਰਾਮ ਨਗਰ ਤੇ ਆਲਮ ਬਸਤੀ ਵਿਖੇ ਚ ਨਗਰ ਨਿਗਮ ਵੱਲੋਂ ਇੱਕ ਵੱਖਰਾ ਪੀਪਿੰਗ ਸਟੇਸ਼ਨ ਲਗਾ ਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਸੁਧਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਰਸਰਾਮ ਨਗਰ ਰੋਡ ਤੇ ਮੇਨ ਲਾਈਨ ਦਾ ਕੰਮ ਪ੍ਰਗਤੀ ਅਧੀਨ ਹੈ। ਅਗਰਵਾਲ ਕਲੋਨੀ ਵਿੱਚ ਇੱਕ ਵੱਖਰੀ ਪਾਈਪ ਪਾ ਕੇ ਚੰਦਸਰ ਬਸਤੀ ਟੋਭੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਕੀਤੀ ਗਈ ਹੈ। ਵੀਰ ਕਲੋਨੀ ਵਿਖੇ ਇਕ ਵੱਖਰਾ ਪੰਪ ਲਗਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸੁਧਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਡਿਸਪੋਜ਼ਲ ਉਪਰ ਮਸ਼ੀਨਰੀ ਦੀ ਆਗੂਮਨਟੇਸ਼ਨ ਕੀਤੀ ਗਈ ਹੈ ਅਤੇ ਇੱਕ ਵੱਖਰੀ ਪਾਈਪ ਲਾਈਨ ਦਾ ਕੰਮ ਪ੍ਰਗਤੀ ਅਧੀਨ ਹੈ। ਨਗਰ ਨਿਗਮ ਵੱਲ ਵੱਖਰੇ ਤੌਰ ਤੇ 10 ਏਕੜ ਬਕਫ ਬੋਰਡ ਦੀ ਜਗ੍ਹਾਂ ਲੀਜ ਤੇ ਲੈ ਕੇ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਸੁਧਾਰ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਕਸਸੀਐਨ ਸ਼੍ਰੀ ਇੰਦਰਜੀਤ ਸਿੰਘ ਅਤੇ ਜ਼ਿਲ੍ਹਾ ਵਣ ਅਫ਼ਸਰ ਤੋਂ ਇਲਾਵਾ ਕਾਰਪੋਰੇਸ਼ਨ ਤੇ ਸੀਵਰੇਜ਼ ਵਿਭਾਗ ਦੇ ਅਧਿਕਾਰੀ ਆਦਿ ਹਾਜ਼ਰ ਸਨ।