ਵਿਧਾਨ ਸਭਾ ਚੋਣਾਂ-2022
ਕਿਹਾ, ਕੋਵਿਡ-19 ਅਤੇ ਆਦਰਸ਼ ਚੋਣ ਜਾਬਤੇ ਦੀ ਕੀਤੀ ਜਾਵੇ ਪਾਲਣਾ
100 ਫ਼ੀਸਦੀ ਵੈਬਕਾਸਟਿੰਗ ਕੀਤੀ ਜਾਵੇ ਯਕੀਨੀ
ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਚੋਣ ਆਬਜ਼ਵਰਾਂ, ਜ਼ਿਲ੍ਹਾ ਚੋਣ ਅਫ਼ਸਰਾਂ ਤੇ ਐਸਐਸਪੀਜ਼ ਨੇ ਕੀਤੀ ਸ਼ਮੂਲੀਅਤ
ਬਠਿੰਡਾ, 15 ਫਰਵਰੀ (ਲਖਵਿੰਦਰ ਸਿੰਘ ਗੰਗਾ)
ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਸਪੈਸ਼ਲ ਜਨਰਲ, ਪੁਲਿਸ ਤੇ ਖ਼ਰਚਾ ਚੋਣ ਆਬਜ਼ਰਵਰਾਂ ਨੇ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਆਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰਾਂ ਤੇ ਐਸਐਸਪੀਜ਼ ਨਾਲ ਬੈਠਕ ਕਰਕੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸਪੈਸ਼ਲ ਜਨਰਲ ਆਬਜ਼ਰਵਰ (ਸੇਵਾ ਮੁਕਤ) ਸ਼੍ਰੀ ਵਿਨੋਦ ਜ਼ੋਤਿਸ਼ੀ ਆਈਏਐਸ, ਸਪੈਸ਼ਲ ਪੁਲਿਸ ਆਬਜ਼ਰਵਰ (ਸੇਵਾ ਮੁਕਤ) ਸ਼੍ਰੀ ਰਜਨੀ ਕਾਂਤ ਮਿਸ਼ਰਾ ਆਈਪੀਐਸ, ਸਪੈਸ਼ਲ ਖ਼ਰਚਾ ਆਬਜ਼ਰਵਰ (ਸੇਵਾ ਮੁਕਤ) ਸ਼੍ਰੀਮਤੀ ਹਿਮਾਲਿਨੀ ਕਸ਼ਪ ਆਈਆਰਐਸ ਵਲੋਂ ਤਿੰਨਾਂ ਜ਼ਿਲ੍ਹਿਆਂ (ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ) ਚ ਹੁਣ ਤੱਕ ਕੀਤੀ ਗਈ ਚੋਣ ਪ੍ਰਕਿਰਿਆ ਦੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਦੇ ਨਾਲ ਹੀ ਪੋਲਿੰਗ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਇਸੇ ਤਰ੍ਹਾਂ ਲਗਾਤਾਰ ਨਜ਼ਰਸਾਨੀ ਜਾਰੀ ਰੱਖਣ ਦੀ ਵੀ ਹਦਾਇਤ ਕੀਤੀ ਤਾਂ ਜੋ ਚੋਣਾਂ ਨੂੰ ਬਿਨਾਂ ਡਰ-ਭੈਅ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਇਸ ਮੌਕੇ ਆਈਜੀ ਰੇਜ਼ ਫ਼ਰੀਦਕੋਟ ਸ਼੍ਰੀ ਪ੍ਰਦੀਪ ਕੁਮਾਰ ਯਾਦਵ ਆਈਪੀਐਸ, ਐਸਐਸਪੀ ਮਾਨਸਾ ਸ਼੍ਰੀ ਦੀਪਕ ਪਾਰਿਕ, ਐਸਐਸਪੀ ਫ਼ਰੀਦਕੋਟ ਸ਼੍ਰੀ ਵਰੁਣ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਜਨਰਲ, ਪੁਲਿਸ ਤੇ ਖ਼ਰਚਾ ਆਬਜ਼ਰਵਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਬੈਠਕ ਦੌਰਾਨ ਸਪੈਸ਼ਲ ਆਬਜ਼ਰਵਰਾਂ ਨੇ ਆਦਰਸ਼ ਚੋਣ ਜਾਬਤਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਜ਼ਿਲ੍ਹਾ ਚੋਣਕਾਰ ਅਫ਼ਸਰਾਂ ਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਪੁਲਿਸ, ਜਨਰਲ, ਖਰਚਾ ਆਬਜ਼ਰਵਰਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਖ਼ਾਸ ਹਦਾਇਤ ਕੀਤੀ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਰਕਾਰ ਵਲੋਂ ਸਮੇਂ-ਸਮੇਂ ਤੇ ਕੋਵਿਡ-19 ਅਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਅਤੇ ਚੋਣਾਂ ਦੌਰਾਨ 100 ਫ਼ੀਸਦੀ ਵੈਬਕਾਸਟਿੰਗ ਕਰਨੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਸਪੈਸ਼ਲ ਖ਼ਰਚਾ ਅਬਜ਼ਰਵਰ ਨੇ ਸਬੰਧਤ ਖ਼ਰਚਾ ਆਬਜ਼ਰਵਰਾਂ ਨੂੰ ਕਿਹਾ ਕਿ ਜ਼ਿਲੇ ਅੰਦਰ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚਿਆਂ ਉਤੇ ਨਜ਼ਰ ਰੱਖੀ ਜਾਵੇ ਤਾਂ ਜੋ ਰੋਜ਼ਾਨਾ ਦੇ ਆਧਾਰ ’ਤੇ ਖ਼ਰਚਿਆਂ ਦਾ ਇੰਦਰਾਜ ਰਜਿਸਟਰਾਂ ਵਿੱਚ ਦਰਜ਼ ਕਰਵਾਉਣੇ ਯਕੀਨੀ ਬਣਾਏ ਜਾਣ। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ, ਉਨਾਂ ਨੂੰ ਧਿਆਨ ਵਿੱਚ ਰੱਖਦਿਆਂ ਖਰਚਿਆਂ ਦਾ ਇੰਦਰਾਜ ਕਰਨ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ।
ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਵਿਨੀਤ ਕੁਮਾਰ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਹਰਵੀਰ ਸਿੰਘ ਵਲੋਂ ਆਪੋਂ-ਆਪਣੇ ਜ਼ਿਲ੍ਹਿਆਂ ਨਾਲ ਸਬੰਧਤ ਚੋਣ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਖ਼ਰਚਾ, ਜਨਰਲ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਆਪੋਂ-ਆਪਣੇ ਖੇਤਰ ਨਾਲ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਇਸੇ ਤਰ੍ਹਾਂ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਵਲੋਂ ਵੀ ਆਪੋਂ-ਆਪਣੇ ਜ਼ਿਲ੍ਹਿਆਂ ਵਿਚ ਲਾਅ ਇੰਨ ਆਰਡਰ ਨੂੰ ਬਰਕਰਾਰ ਰੱਖਣ ਲਈ ਜਾਰੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਬਜ਼ਰਵਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਕਾਰਜਾਂ ਲਈ ਤਾਇਨਾਤ ਸਮੁੱਚੇ ਪ੍ਰਸ਼ਾਸਨਿਕ ਤੇ ਪੁਲਿਸ ਅਮਲੇ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਸਬੰਧੀ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਦੱਸਿਆ ਕਿ ਉਮੀਦਵਾਰਾਂ, ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ, ਐਸ.ਐਸ.ਟੀ, ਐਫ.ਐਸ.ਟੀ, ਸਟਰੌਂਗ ਰੂਮਾਂ, ਕਾਊਂਟਿੰਗ ਸੈਂਟਰਾਂ, ਅੰਤਰ ਰਾਜੀ ਨਾਕਿਆਂ, ਵੀ.ਐਸ.ਟੀ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸੁਰੱਖਿਆ ਲਈ ਰੂਟ ਜ਼ੋਨ ਦੇ ਅਨੁਸਾਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਵੱਖ ਵੱਖ ਹਲਕਿਆਂ ਵਿੱਚ ਹਰੇਕ ਗਤੀਵਿਧੀ ’ਤੇ ਨਜ਼ਰ ਰੱਖਣ ਲਈ 24 ਘੰਟੇ ਪੈਟਰੋਲਿੰਗ ਪਾਰਟੀਆਂ ਸਰਗਰਮ ਹਨ।