You are currently viewing ਪੋਲਿੰਗ ਪਾਰਟੀਆਂ ਦੀ ਦੂਜੀ ਰਿਹਰਸਲ ਦਾ ਜ਼ਿਲ੍ਹਾ ਚੋਣ ਅਫ਼ਸਰ ਨੇ ਲਿਆ ਜਾਇਜ਼ਾ

ਪੋਲਿੰਗ ਪਾਰਟੀਆਂ ਦੀ ਦੂਜੀ ਰਿਹਰਸਲ ਦਾ ਜ਼ਿਲ੍ਹਾ ਚੋਣ ਅਫ਼ਸਰ ਨੇ ਲਿਆ ਜਾਇਜ਼ਾ

ਤਨਦੇਹੀ ਤੇ ਇਮਾਨਦਾਰੀ ਨਾਲ ਚੋਣ ਡਿਊਟੀ ਨਿਭਾਉਣ ਲਈ ਦਿੱਤੇ ਆਦੇਸ਼

6000 ਚੋਣ ਅਮਲੇ ਨੂੰ ਦਿੱਤੀ ਸਿਖਲਾਈ

 

ਬਠਿੰਡਾ, 8 ਫ਼ਰਵਰੀ (ਲਖਵਿੰਦਰ ਸਿੰਘ ਗੰਗਾ)

 

ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ) ਚ ਵੱਖ-ਵੱਖ ਚੋਣ ਅਮਲੇ ਦੀ ਦੂਜੀ ਰਿਹਰਸਲ ਹੋਈ, ਜਿਸ ਦਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਵਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਚੋਣ ਅਮਲੇ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ, ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣਾ ਯਕੀਨੀ ਬਣਾਉਣ ਤਾਂ ਜੋ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾ ਸਕੇ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਚੋਣ ਅਮਲੇ ਨੂੰ ਵੱਖ-ਵੱਖ ਆਰਓਜ਼ ਦੀ ਪ੍ਰਧਾਨਗੀ ਹੇਠ ਅਸੈਂਬਲੀ ਲੈਬਲ ਮਾਸਟਰ ਟ੍ਰੇਨਰਾਂ ਵਲੋਂ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਧਰ ਤੇ ਵੱਖ-ਵੱਖ ਸਥਾਨਾਂ ਤੇ ਹੋਈ ਇਸ ਸਿਖਲਾਈ ਦੌਰਾਨ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਚ ਪੈਂਦੇ 1192 ਪੋਲਿੰਗ ਸਟੇਸ਼ਨਾਂ ਲਈ 1500 ਪ੍ਰੋਜਾਇਡਿੰਗ ਅਫ਼ਸਰਾਂ, 1500 ਸਹਾਇਕ ਪ੍ਰੋਜਾਇਡਿੰਗ ਅਫ਼ਸਰਾਂ ਤੇ 3000 ਪੋਲਿੰਗ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਚੋਣ ਅਮਲੇ ਨਾਲ ਸਬੰਧਤ ਪ੍ਰੋਜਾਈਡਿੰਗ ਅਧਿਕਾਰੀਆਂ, ਸਹਾਇਕ ਪ੍ਰੋਜਾਈਡਿੰਗ ਅਧਿਕਾਰੀਆਂ ਤੇ ਪੋਲਿੰਗ ਅਫ਼ਸਰਾਂ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੋਸਟਲ ਬੈਲੇਟ ਬਾਰੇ ਵੀ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਚੋਣਾਂ ਦਾ ਸਮੁੱਚਾ ਅਮਲ ਸ਼ਾਂਤੀਪੂਰਵਕ, ਸੁਰੱਖਿਅਤ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਨੀਤ ਕੁਮਾਰ ਨੇ ਸਬੰਧਤ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੋਲਿੰਗ ਸਮੇਂ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਦੇ ਨਾਲ-ਨਾਲ ਹਰੇਕ ਪੋਲਿੰਗ ਬੂਥ ਉੱਤੇ 6-6 ਫੁੱਟ ਦੀ ਦੂਰੀ ਉੱਤੇ ਨਿਸ਼ਾਨਦੇਹੀ ਅਤੇ ਸੈਨੇਟਾਈਜ਼ਰ ਤੇ ਮਾਸਕ ਦਾ ਖ਼ਾਸ ਪ੍ਰਬੰਧ ਕੀਤਾ ਜਾਵੇ।