ਬਠਿੰਡਾ, 7 ਫਰਵਰੀ-
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਹਰ ਘਰ ਦਸਤਕ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲੇ ਅੰਦਰ ਮੁਕੰਮਲ ਤੌਰ ਤੇ ਵੈਕਸ਼ੀਨੇਸ਼ਨ ਕਰਨ ਲਈ ਡੋਰ ਟੂ ਡੋਰ ਜਾ ਕੇ ਵੈਕਸ਼ੀਨੇਸ਼ਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕਰੋਨਾ ਵੈਕਸ਼ੀਨੇਸ਼ਨ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਕੂਲਾਂ ਅਤੇ ਕਾਲਜਾਂ ਵਿੱਚ 15 ਸਾਲ ਤੋਂ ਵਧੇਰੀ ਉਮਰ ਦੇ ਵਿਦਿਆਰਥੀਆਂ ਦੀ ਮੁਕੰਮਲ ਵੈਕਸ਼ੀਨੇਸ਼ਨ ਕੀਤੀ ਜਾਵੇ ਅਤੇ ਕੋਈ ਵੀ 15 ਸਾਲ ਤੋਂ ਵਧੇਰੀ ਉਮਰ ਦਾ ਵਿਦਿਆਰਥੀ ਵੈਕਸ਼ੀਨੇਸ਼ਨ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵੀਨੀਤ ਕੁਮਾਰ ਨੇ ਸਿਵਲ ਸਰਜਨ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰ ’ਚ ਵੈਕਸ਼ੀਨੇਸ਼ ਕਰ ਰਹੀਆਂ ਟੀਮਾ ਨਾਂਲ ਰੀਵਿਊ ਕਰਨ ਤੇ ਵੈਕਸ਼ੀਨੇਸ਼ਨ ਵਿੱਚ ਤੇਜ਼ੀ ਲਿਆਉਣਾ ਯਕੀਨੀ ਬਣਾਉਣ। ਉਨਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਕਿ ਜਿਨਾਂ ਨੇ ਅਜੇ ਤੱਕ ਪਹਿਲੀ ਡੋਜ਼ ਨਹੀਂ ਲਗਵਾਈ ਉਹ ਪਹਿਲੀ ਡੋਜ਼ ਲਗਵਾ ਲੈਣ ਅਤੇ ਜਿਨਾਂ ਨੇ ਦੂਜੀ ਡੋਜ਼ ਨਹੀਂ ਲਗਵਾਈ ਉਹ ਦੂਜੀ ਡੋਜ਼ ਲਗਵਾ ਲੈਣ ਤਾਂ ਜੋ ਕਰੋਨਾ ਮਹਾਂਮਾਰੀ ਦੀ ਸੰਭਾਵੀ ਤੀਸਰੀ ਲਹਿਰ ਤੋਂ ਬਚਿਆਂ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ.ਬਲਵਿੰਦਰ ਸਿੰਘ, ਜ਼ਿਲਾ ਟੀਕਾਰਰਨ ਅਫ਼ਸਰ ਡਾ.ਮੀਨਾਕਸ਼ੀ ਸਿੰਗਲਾ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਆਦਿ ਹਾਜ਼ਰ ਸਨ।