ਬਠਿੰਡਾ 4 ਫ਼ਰਵਰੀ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਭੁੱਚੋ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਸ੍ਰੀ ਸ਼ਿਵ ਸਹਾਏ ਅਵਸਥੀ ਨੇ ਅੱਜ ਇਥੇ ਵੱਖ- ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਚੋਣ ਗਤੀਵਿਧੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਆਰਟੀਏ-ਕਮ-ਆਰ ਓ ਭੁੱਚੋ ਸ.ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਇਸ ਮੌਕੇ ਜਨਰਲ ਅਬਜ਼ਰਵਰ ਸ੍ਰੀ ਅਵਸਥੀ ਨੇ ਮੌਜੂਦ ਉਮੀਦਵਾਰਾਂ ਤੇ ਵੱਖ- ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕੋਵਿਡ ਗਾਈਡਲਾਈਨਜ਼ ਤੋਂ ਇਲਾਵਾ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਲਈਆਂ ਜਾਣ ਵਾਲੀਆਂ ਵੱਖ- ਵੱਖ ਤਰ੍ਹਾਂ ਦੀਆਂ ਪ੍ਰਵਾਨਗੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਬਿਨਾਂ ਪ੍ਰਵਾਨਗੀ ਤੋਂ ਕੋਈ ਵੀ ਚੋਣ ਗਤੀਵਿਧੀ ਨਾ ਕੀਤੀ ਜਾਵੇ।
ਇਸ ਮੌਕੇ ਅਬਜ਼ਰਵਰ ਸ੍ਰੀ ਅਵਸਥੀ ਨੇ ਮੌਜੂਦ ਉਮੀਦਵਾਰਾਂ ਤੇ ਵੱਖ- ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਸਬੰਧੀ ਕੋਈ ਸ਼ੰਕੇ ਹੋਣ ਤਾਂ ਬਿਨਾਂ ਝਿਜਕ ਉਨ੍ਹਾਂ ਨਾਲ ਸਾਂਝੇ ਕਰ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਨਾਲ ਲੇਕ ਵਿਊ ਰੈਸਟ ਹਾਊਸ ਵਿਖੇ ਸਵੇਰੇ 11 ਤੋਂ 12 ਵਜੇ ਦੇ ਦਰਮਿਆਨ ਜਾਂ ਉਨ੍ਹਾਂ ਨਾਲ ਉਨ੍ਹਾਂ ਦੇ ਫੋਨ ਨੰਬਰ 88475-47411 `ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਤੇ ਬਲਦੇਵ ਸਿੰਘ ਅਕਲੀਆ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਰਹੇ।