ਰਾਹੁਲ ਭੰਡਾਰੀ ਵਲੋਂ ਹਰ ਘਰ ਦਸਤਕ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ‘ਚ ਤੇਜੀ ਲਿਆਉਣ ਦੀ ਹਦਾਇਤ
ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਵੈਕਸੀਨੇਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ
ਮਲੇਰਕੋਟਲਾ 01 ਫਰਵਰੀ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮਲੇਰਕੋਟਲਾ ਜ਼ਿਲ੍ਹੇ ਦੇ ਹਰ ਇੱਕ ਵੋਟਰ ਦਾ ਕੋਵਿਡ ਤੋਂ ਬਚਾਅ ਲਈ ਲਾਜਮੀ ਵੈਕਸੀਨੇਸ਼ਨ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾਬੰਦੀ ਕੀਤੀ ਗਈ। ਇਸ ਸਬੰਧੀਂ ਮਲੇਰਕੋਟਲਾ ਜ਼ਿਲ੍ਹੇ ਦੇ ਪ੍ਰਬਾਰੀ(ਇੰਚਾਰਜ) ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਸ੍ਰੀ ਰਾਹੁਲ ਭੰਡਾਰੀ ਨੇ ਕੋਵਿਡ ਟੀਕਾਕਰਨ ਪ੍ਰਕ੍ਰਿਆ ਦੀ ਸਮੀਖਿਆ ਕਰਨ ਲਈ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਵਿਖੇ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਮਾਧਵੀ ਕਟਾਰੀਆ ਦੀਅਗਵਾਈ ਹੇਠ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ , ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀ ਅਰੁਣ ਕੁਮਾਰ , ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ, ਰਿਟਰਨਿੰਗ ਅਫਸ਼ਰ ਅਮਰਗੜ੍ਹ ਕਮ ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ,ਸਿਵਲ ਸਰਜਨ ਡਾਕਟਰ ਮੁਕੇਸ਼ ਚੰਦਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਮੂਲੀਅਤ ਕੀਤੀ । ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵੱਧ ਤੋਂ ਵੱਧ ਵਿਸ਼ੇਸ਼ ਟੀਕਾਕਰਨ ਕੈਂਪ ਲਗਵਾ ਕੇ ਲੋਕਾਂ ਨੂੰ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲੈਣ ਲਈ ਪ੍ਰੇਰਿਤ ਕੀਤੇ ਜਾਣ ਦੀ ਅਹਿਮ ਲੋੜ ਦੇ ਨਾਲ ਨਾਲ ਲੋਕਾਂ ਦੇ ਮਨਾਂ ਵਿੱਚ ਟੀਕਾਕਰਨ ਪ੍ਰਤੀ ਪੈਦਾ ਹੋਏ ਭੁਲੇਖਿਆਂ ਨੂੰ ਦੂਰ ਕਰਨਾ ਵੀ ਬਹੁਤ ਜਰੂਰੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਾਹੁਲ ਭੰਡਾਰੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਕੀਤਾ । ਉਨ੍ਹਾਂ ਕੋਵਿਡ ਵੈਕਸੀਨੇਸ਼ਨ ਦਾ ਜਾਇਜਾ ਲੈਂਦਿਆਂ ਹਰ ਘਰ ਦਸਤਕ ਮੁਹਿੰਮ ਤਹਿਤ 100 ਫੀਸਦੀ ਟੀਕਾਕਰਨ ਦੇ ਨਤੀਜਿਆਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਨੂੰ ਲੋਕ ਲਹਿਰ ਵਜੋਂ ਚਲਾਇਆ ਜਾਵੇ ਤਾਂ ਜੋ ਕੋਵਿਡ -19 ਦੀ ਲਾਗ ਤੋਂ ਅਜਾਈਆਂ ਜਾਣ ਵਾਲੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ । ਉਨਾ੍ ਕਿਹਾ ਕਿ ਜਨਤਕ ਸਥਾਨਾਂ ਤੇ ਦਾਖ਼ਲੇ ਸਬੰਧੀ ਕੋਵਿਡ-19 ਦੀਆਂ ਨਵੀਂਆਂ ਗਾਈਡਲਾਈਨਜ ਜਾਰੀ ਕੀਤੀਆਂ ਗਈਆਂ ਹਨ। ਜਾਰੀ ਗਾਈਡਲਾਈਨਜ ਅਨੁਸਾਰ ਸਰਕਾਰ ਵੱਲੋਂ ਆਗਾਮੀ ਜਨਤਕ ਸਥਾਨਾਂ ਤੇ ਦਾਖ਼ਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ। ਇਸ ਲਈ ਜਨਤਕ ਸਥਾਨਾਂ ਜਿਵੇਂ ਸਬਜ਼ੀ ਮੰਡੀ, ਦਾਣਾ ਮੰਡੀ, ਜਨਤਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਸ਼ਾਪਿੰਗ ਕੰਪਲੈਕਸ, ਲੋਕਲ ਬਾਜ਼ਾਰ, ਹੋਟਲ, ਬਾਰ, ਰੈਸਟੋਰੈਂਟ, ਸਿਨੇਮਾ, ਜਿਮ, ਫਿਟਨੈਸ ਸੈਂਟਰ ਅਤੇ ਸਰਕਾਰੀ/ਪ੍ਰਾਈਵੇਟ ਬੈਂਕਾਂ ਆਦਿ ਵਿੱਚ ਵੈਕਸੀਨੇਟਿਡ ਕੇਵਲ ਡਬਲ ਡੋਜ਼ ਟੀਕਾ ਲਗਵਾਉਣ ਵਾਲਿਆਂ ਨੂੰ ਹੀ ਦਾਖ਼ਲੇ ਦੀ ਆਗਿਆ ਹੋਵੇਗੀ। ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਐਸ.ਐਮ.ਓਜ ਨੂੰ ਹਦਾਇਤ ਕੀਤੀ ਕਿ ਸਾਰੇ ਯੋਗ ਨਾਗਰਿਕਾਂ ਅਤੇ ਖਾਸ ਕਰਕੇ ਸਮੂਹ ਵੋਟਰਾਂ ਦਾ ਮੁਕੰਮਲ ਟੀਕਾਕਰਨ ਕਰਕੇ ਚੋਣਾਂ ਦੌਰਾਨ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਮਾਹੌਲ ਸਿਰਜਣ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਉਨ੍ਹਾਂ ਨੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਧਾਰਮਿਕ ਸਥਾਨਾਂ ਸਮੇਤ ਹੋਰਨਾਂ ਜਨਤਕ ਸਥਾਨਾਂ ‘ਤੇ ਪ੍ਰਚਾਰ ਕਰਨ ‘ਤੇ ਵੀ ਜੋਰ ਦਿੱਤਾ।
ਉਨ੍ਹਾਂ ਨੇ ਸਮੂਹ ਰਿਟਰਨਿੰਗ ਕਮ ਉਪ ਮੰਡਲ ਮੈਜਿਸਟਰੇ਼ਟ ਨੂੰ ਹਦਾਇਤ ਕੀਤੀ ਕਿ ਉਹ ਬੀ.ਐਲ.ਓਜ ਸਮੇਤ ਹੋਰ ਕਰਮਚਾਰੀਆਂ ਰਾਹੀਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਉਚੇਚੇ ਯਤਨ ਕਰਨ । ਉਨਾਂ ਕਿਹਾ ਕਿ ਟੀਕਾਕਰਨ ਲਈ ਤਾਇਨਾਤ ਟੀਮਾਂ ਦੀ ਪ੍ਰਗਤੀ ਨੂੰ ਨਿਰੰਤਰ ਵਾਚਿਆ ਜਾਵੇ ਅਤੇ ਟੀਕਾਕਰਨ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਜਾਵੇ। ਬਜੁਰਗਾਂ ਅਤੇ 15 ਤੋਂ 18 ਸਾਲ ਉਮਰ ਵਰਗ ਵਾਲਿਆਂ ਦੇ ਟੀਕਾਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਨਤਕ ਸਥਾਨਾਂ, ਤਹਿਸੀਲਾਂ ਆਦਿ, ਜਿਥੇ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ, ਉਥੇ ਸਥਾਈ ਤੌਰ ’ਤੇ ਟੀਕਾਕਰਨ ਕੈਂਪਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਆਪਣੀ ਸਵੈ ਇੱਛਾ ਨਾਲ ਟੀਕਾਕਰਨ ਕਰਵਾ ਸਕਣ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਤੇ ਕਾਲਜਾਂ ਦੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦਾ ਟੀਕਾਕਰਨ ਦੇ ਨਾਲ-ਨਾਲ ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਵੈਕਸੀਨੇਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਕੋਵਿਡ ਵੈਕਸੀਨੇਸ਼ਨ ਕੈਂਪਾਂ ਦੀ ਪ੍ਰਗਤੀ ਦਾ ਰੋਜ਼ਾਨਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਸਮੂਹ ਰਿਟਰਨਿੰਗ ਅਧਿਕਾਰੀ ਖੁਦ ਵੀ ਵੱਖ ਵੱਖ ਕੈਂਪਾਂ ਵਿੱਚ ਜਾ ਕੇ ਟੀਕਾਕਰਨ ਲਈ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਵਿੱਚ ਸਾਰਥਕ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੈਕਸੀਨੇਸ਼ਨ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਕੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।