ਵਿਧਾਨ ਸਭਾ ਚੋਣਾਂ-2022
ਵੋਟਾਂ ਪਾਉਣ ਤੋਂ 48 ਘੰਟੇ ਪਹਿਲਾਂ ਅਤੇ ਵੋਟਾਂ ਦੀ ਗਿਣਤੀ ਵਾਲਾ ਦਿਨ ਡਰਾਈ ਡੇਅ ਘੋਸ਼ਿਤ
ਸ਼ਰਾਬ ਦੇ ਪ੍ਰਚੂਨ ਤੇ ਥੋਕ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ
ਅਣਅਧਿਕਾਰਤ ਤੌਰ ’ਤੇ ਸ਼ਰਾਬ ਦਾ ਭੰਡਾਰ ਜਾਂ ਵਿਕਰੀ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ: ਜ਼੍ਹਿਲਾ ਚੋਣ ਅਫ਼ਸਰ
ਬਠਿੰਡਾ, 21 ਜਨਵਰੀ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾਣ ਵਾਲੇ ਹਰ ਤਰਾਂ ਦੇ ਸੰਭਾਵਿਤ ਤਰੀਕਿਆਂ ’ਤੇ ਨੱਥ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ।
ਜ਼ਿਲਾ ਚੋਣ ਅਫ਼ਸਰ ਸ਼੍ਰੀ ਵਨੀਤ ਕੁਮਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਹੁਣ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਬੰਧੀ ਸਮੁੱਚੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਪੈਸੇ ਅਤੇ ਨਸ਼ਿਆਂ ਦੀ ਵਰਤੋਂ ਨੂੰ ਮੁਕੰਮਲ ਰੂਪ ਵਿੱਚ ਰੋਕਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ ਤਾਂ ਜੋ ਗੈਰ ਸਮਾਜਿਕ ਅਨਸਰ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਾ ਹੋ ਸਕਣ ਅਤੇ ਵੋਟਰ ਵੋਟ ਪਾਉਣ ਦੇ ਆਪਣੇ ਨੈਤਿਕ ਅਧਿਕਾਰ ਦੀ ਬਿਨਾਂ ਕਿਸੇ ਦਬਾਅ ਜਾਂ ਲਾਲਚ ਦੇ ਵਰਤੋਂ ਕਰ ਸਕਣ।
ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦਾ ਭੰਡਾਰ ਕਰਨ ’ਤੇ ਵੀ ਪੂਰਨ ਪਾਬੰਦੀ ਹੈ ਅਤੇ ਇਸ ਦੀ ਰੋਕਥਾਮ ਲਈ ਚੌਕਸੀ ਟੀਮਾਂ ਵੱਖ-ਵੱਖ ਪੱਧਰ ’ਤੇ ਕਾਰਜਸ਼ੀਲ ਹਨ। ਉਨਾਂ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਠੇਕੇ ਰਾਹੀਂ ਸ਼ਰਾਬ ਦੀ ਵੱਧ ਵਿਕਰੀ ਹੋਣ ਦਾ ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਛਾਪਾਮਾਰੀ ਜਾਂ ਜਾਂਚ ਦੌਰਾਨ ਕਿਸੇ ਸ਼ਰਾਬ ਵਿਕਰੇਤਾ ਦੀ ਸ਼ਰਾਬ ਦੇ ਅਣ-ਅਧਿਕਾਰਤ ਭੰਡਾਰ ਜਾਂ ਸਿਆਸੀ ਪਾਰਟੀ ਜਾਂ ਉਮੀਦਵਾਰ ਨਾਲ ਸ਼ਮੂਲੀਅਤ ਦੇ ਤੱਥ ਸਾਹਮਣੇ ਆਉਂਦੇ ਹਨ ਤਾਂ ਅਜਿਹੇ ਕਾਰੋਬਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਸੰਵਿਧਾਨ ਦੀ ਧਾਰਾ 135(ਸੀ) ਐਕਟ 1951 ਨੂੰ ਧਿਆਨ ਵਿੱਚ ਰੱਖਦੇ ਹੋਏ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਵੋਟਾਂ ਪਾਉਣ ਤੋਂ 48 ਘੰਟੇ ਪਹਿਲਾਂ ਸ਼ਰਾਬ ਦੀ ਵਿਕਰੀ ਉਪਰ ਰੋਕ ਲਗਾਈ ਹੈ। ਇਨਾਂ ਹੁਕਮਾਂ ਅਧੀਨ 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫਰਵਰੀ 2022 ਨੂੰ ਵੋਟਾਂ ਪੈਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ 2022 ਨੂੰ ਸ਼ਰਾਬ ਦੀ ਵਿਕਰੀ ਉਪਰ ਪਾਬੰਦੀ ਯਕੀਨੀ ਬਣਾਈ ਜਾਵੇ।