ਬਿਨਾਂ ਪ੍ਰਵਾਨਗੀ ਤੋਂ ਪ੍ਰਾਈਵੇਟ ਸੰਸਥਾਵਾਂ ਤੇ ਵੀ ਨਾ ਕੀਤੀ ਜਾਵੇ ਇਸ਼ਤਿਹਾਰਬਾਜ਼ੀ
ਹਰੇਕ ਪੋਲਿੰਗ ਬੂਥ ਤੇ 6-6 ਫੁੱਟ ਦੀ ਦੂਰੀ ਤੇ ਨਿਸ਼ਾਨਦੇਹੀ ਬਣਾਈ ਜਾਵੇ ਯਕੀਨੀ
ਚੋਣਾਂ ਸਮੇਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰੀ
ਮੀਟਿੰਗ ਦੌਰਾਨ ਦਿੱਤੇ ਲੋੜੀਂਦੇ ਆਦੇਸ਼
ਬਠਿੰਡਾ, 20 ਜਨਵਰੀ (ਲਖਵਿੰਦਰ ਸਿੰਘ ਗੰਗਾ)
ਵਿਧਾਨ ਸਭਾ ਚੋਣਾ-2022 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਆਰ.ਓਜ਼, ਏਆਰਓਜ਼ ਤੇ ਚੋਣ ਅਮਲੇ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਚੋਣ ਡਿਊਟੀ ਨੂੰ ਪੂਰੀ ਤਨਦੇਹੀ, ਜਿੰਮੇਵਾਰੀ ਅਤੇ ਇਮਾਨਦਾਰੀ ਤੋਂ ਇਲਾਵਾ ਆਪਸੀ ਤਾਲਮੇਲ ਨਾਲ ਨਿਭਾਈ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਅਧਿਕਾਰੀ ਤੇ ਕਰਮਚਾਰੀ ਦਾ ਫਰਜ਼ ਹੈ ਕਿ ਉਹ ਆਪਣੀ ਚੋਣ ਡਿਊਟੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਵੇ ਜਾਵੇ ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਸਬੰਧਤ ਅਧਿਕਾਰੀਆਂ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਪ੍ਰਾਈਵੇਟ ਸੰਸਥਾਵਾਂ ਤੇ ਬਿਨਾਂ ਪ੍ਰਵਾਨਗੀ ਤੋਂ ਉਮੀਦਵਾਰ ਦੇ ਇਸ਼ਤਿਹਾਰ ਆਦਿ ਨਾ ਲਗਾਏ ਜਾਣ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਨੀਤ ਕੁਮਾਰ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਉਣੇ ਯਕੀਨੀ ਬਣਾਏ ਜਾਣ।
ਬੈਠਕ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਨੀਤ ਕੁਮਾਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੋਲਿੰਗ ਸਮੇਂ ਸਰਕਾਰ ਵਲੋਂ ਸਮੇਂ-ਸਮੇਂ ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਬੂਥ ਉੱਤੇ 6-6 ਫੁੱਟ ਦੀ ਦੂਰੀ ਤੇ ਨਿਸ਼ਾਨਦੇਹੀ ਕਰਨੀ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੈਨੇਟਾਈਜ਼ਰ ਅਤੇ ਮਾਸਕ ਦਾ ਖ਼ਾਸ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਐਸ.ਡੀ.ਐਮ-ਕਮ-ਆਰਓ ਤਲਵੰਡੀ ਸਾਬੋ ਸ਼੍ਰੀ ਆਕਾਸ਼ ਬਾਂਸਲ, ਸਿਖਲਾਈ ਅਧੀਨ ਆਈਏਐਸ ਸ਼੍ਰੀ ਨਿਕਾਸ ਕੁਮਾਰ, ਐਸਡੀਐਮ-ਕਮ-ਆਰਓ ਮੌੜ ਸ਼੍ਰੀਮਤੀ ਵੀਰਪਾਲ ਕੌਰ, ਆਰ.ਟੀ.ਏ-ਕਮ-ਆਰਓ ਭੁੱਚੋਂ ਮੰਡੀ ਸ. ਬਲਵਿੰਦਰ ਸਿੰਘ, ਆਰਓ ਬਠਿੰਡਾ ਦਿਹਾਤੀ ਸ਼੍ਰੀ ਆਰ.ਪੀ ਸਿੰਘ, ਜ਼ਿਲਾ ਟ੍ਰੇਨਿੰਗ ਕੁਆਰਡੀਨੇਟਰ ਸ੍ਰੀ ਗੁਰਦੀਪ ਸਿੰਘ ਮਾਨ, ਤਹਿਸੀਲਦਾਰ ਚੋਣਾਂ ਸ੍ਰੀ ਗੁਰਚਰਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਮੇਵਾ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।