You are currently viewing ਆਦਰਸ਼ ਚੋਣ ਜ਼ਾਬਤੇ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ : ਜ਼ਿਲ੍ਹਾ ਚੋਣ ਅਫ਼ਸਰ

ਆਦਰਸ਼ ਚੋਣ ਜ਼ਾਬਤੇ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ : ਜ਼ਿਲ੍ਹਾ ਚੋਣ ਅਫ਼ਸਰ

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਰਓਜ਼ ਨਾਲ ਕੀਤੀ ਬੈਠਕ

ਚੋਣਾਂ ਦੌਰਾਨ ਕੋਵਿਡ-19 ਨਿਯਮਾਂ ਦੀ ਪਾਲਣਾ ਬਣਾਈ ਜਾਵੇ ਯਕੀਨੀ

 

ਬਠਿੰਡਾ, 9 ਜਨਵਰੀ (ਲਖਵਿੰਦਰ ਸਿੰਘ ਗੰਗਾ)

 

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦਿਆਂ ਅਤੇ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਆਰਓਜ਼ ਨਾਲ ਮੀਟਿੰਗ ਕੀਤੀ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਤੇ ਕੋਵਿਡ-19 ਤਹਿਤ ਜਾਰੀ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ ਹੋਣਗੀਆਂ, ਜਿਨ੍ਹਾਂ ਦੇ ਨਤੀਜ਼ੇ 10 ਮਾਰਚ ਨੂੰ ਘੋਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 21 ਜਨਵਰੀ ਨੂੰ ਭਰਨੇ ਸ਼ੁਰੂ ਹੋਣਗੇ, ਜੋ ਕਿ 28 ਜਨਵਰੀ ਤੱਕ ਭਰੇ ਜਾਣਗੇ। 29 ਜਨਵਰੀ ਨੂੰ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਤੇ 31 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਪੈਂਦੇ 6 ਵਿਧਾਨ ਸਭਾ ਹਲਕਿਆਂ (90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ.), 92-ਬਠਿੰਡਾ ਸ਼ਹਿਰੀ, 93-ਬਠਿੰਡਾ ਦਿਹਾਤੀ (ਅ.ਜ.), 94-ਤਲਵੰਡੀ ਸਾਬੋ ਅਤੇ 95-ਮੋੜ) ਲਈ ਕੁੱਲ 1192 ਪੋਲਿੰਗ ਸਟੇਸ਼ਨ ਹਨ। ਵੋਟਾਂ ਦੀ ਸਰਸਰੀ ਸੁਧਾਈ 5 ਜਨਵਰੀ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ 1056568 ਵੋਟਰ ਹਨ, ਜਿਨ੍ਹਾਂ ਵਿਚੋਂ 88729 ਮਰਦ, 79463 ਔਰਤਾਂ ਅਤੇ ਥਰਡ ਜੈਂਡਰ 23 ਹਨ। ਇਸ ਤੋਂ ਇਲਾਵਾ 4974 ਸਰਵਿਸ ਵੋਟਰ ਹਨ, ਜਿਨ੍ਹਾਂ ਵਿਚੋਂ 4918 ਮਰਦ, 56 ਔਰਤਾਂ ਸ਼ਾਮਲ ਹਨ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ. ਸੰਧੂ ਨੇ ਅੱਗੇ ਦੱਸਿਆ ਕਿ 15 ਜਨਵਰੀ 2022 ਤੱਕ ਚੋਣ ਰੈਲੀਆਂ, ਰੋਡ ਸ਼ੋਅ ਆਦਿ ਤੇ ਰੋਕ ਲਗਾਈ ਗਈ ਹੈ ਅਤੇ ਪਾਰਟੀਆਂ ਨੂੰ ਡਿਜਟਿਲ ਮਾਧਿਅਮ ਰਾਹੀਂ ਚੋਣ ਪ੍ਰਚਾਰ ਕਰਨ ਲਈ ਉਤਸਾਹਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਦਰਸ਼ ਚੋਣ ਜਾਬਤੇ ਉਪਰੰਤ ਜ਼ਿਲ੍ਹੇ ਅੰਦਰ ਐਸਐਸਟੀ ਤੇ ਐਫਐਸਟੀ ਸਮੇਤ ਆਦਿ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸ ਵਾਰ ਉਮੀਦਵਾਰ ਆਨਲਾਈਨ ਵੀ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਤੋਂ ਬਿਨ੍ਹਾਂ ਚੋਣ ਪ੍ਰਚਾਰ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਅਪਰਾਧਿਕ ਪਿੱਛੋਕੜ ਵਾਲੇ ਉਮੀਦਵਾਰਾਂ ਨੂੰ ਇਸ ਸਬੰਧੀ ਤਿੰਨ ਵਾਰ ਅਖਬਾਰਾਂ ਅਤੇ ਟੀਵੀ ਰਾਹੀਂ ਵੋਟਰਾਂ ਨੂੰ ਜਾਣਕਾਰੀ ਦੇਣੀ ਪਵੇਗੀ। ਉਨ੍ਹਾਂ ਨੇ ਦੱਸਿਆ ਕਿ 80 ਸਾਲ ਤੋਂ ਵੱਡੀ ਉਮਰ ਦੇ ਵੋਟਰਾਂ ਤੋਂ ਇਲਾਵਾ ਅੰਗਹੀਣਾਂ ਅਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾ ਅਤੇ ਕੰਟੇਨਮੈਂਟ ਜੋਨ ਵਾਲੇ ਵਿਅਕਤੀਆਂ ਲਈ ਡੋਰ ਸਟੈਪ ਵੋਟਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਫੇਕ ਨਿਊਜ਼, ਫ਼ਰਜੀ ਤੇ ਪੇਡ ਖ਼ਬਰਾਂ ਤੇ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਉਮੀਦਵਾਰ ਦਾ ਚੋਣ ਖ਼ਰਚਾ ਹੱਦ 28 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ।

ਇਸ ਮੌਕੇ ਜ਼ਿਲ੍ਹਾ ਟ੍ਰੇਨਿੰਗ ਕੁਆਰਡੀਨੇਟਰ ਸ. ਗੁਰਦੀਪ ਸਿੰਘ ਮਾਨ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਂਇਦਿਆਂ ਨਾਲ ਆਦਰਸ਼ ਚੋਣ ਜ਼ਾਬਤੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ-ਕਮ-ਆਰ.ਓ ਬਠਿੰਡਾ ਸ਼ਹਿਰੀ ਸ਼੍ਰੀ ਕੰਵਰਜੀਤ ਸਿੰਘ, ਐਸਡੀਐਮ-ਕਮ-ਆਰ.ਓ ਰਾਮਪੁਰਾ ਫੂਲ ਸ਼੍ਰੀ ਨਵਦੀਪ ਕੁਮਾਰ, ਆਰਟੀਏ-ਕਮ-ਆਰ.ਓ ਭੁੱਚੋਂ ਸ਼੍ਰੀ ਬਲਵਿੰਦਰ ਸਿੰਘ, ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।