You are currently viewing ਕ੍ਰਿਸਚੀਅਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕ੍ਰਿਸਮਿਸ ਦੀ ਦਿੱਤੀ ਵਧਾਈ

ਕ੍ਰਿਸਚੀਅਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕ੍ਰਿਸਮਿਸ ਦੀ ਦਿੱਤੀ ਵਧਾਈ

ਬਠਿੰਡਾ 25 ਦਸੰਬਰ

ਕ੍ਰਿਸਚੀਅਨ ਭਾਈਚਾਰੇ ਵੱਲੋਂ ਕਰਵਾਏ ਗਏ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕ੍ਰਿਸਮਸ ਦੀ ਵਧਾਈ ਦਿੱਤੀ। ਵਿੱਤ ਮੰਤਰੀ ਨੇ ਜੋਗਾਨੰਦ, ਰੋਡ ਠੰਡੀ ਸਡ਼ਕ, ਥਰਮਲ ਕੱਚੀ ਕਲੋਨੀ ਅਤੇ ਪ੍ਰਤਾਪਨਗਰ ਵਿਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਕ੍ਰਿਸਮਸ ਦੇ ਸਬੰਧ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਕ੍ਰਿਸ਼ਚੀਅਨ ਭਾਈਚਾਰੇ ਨੂੰ ਕ੍ਰਿਸਮਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਿਸ਼ੇਸ਼ ਕਦਮ ਉਠਾ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਕ੍ਰਿਸਮਸ ਮੌਕੇ ਉਨ੍ਹਾਂ ਭਾਈਚਾਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਆਧੁਨਿਕ ਕ੍ਰਿਸਚੀਅਨ ਭਵਨ ਅਤੇ ਕਬਰਸਤਾਨ ਲਈ ਜਗ੍ਹਾ ਦਿੱਤੀ ਜਾਵੇਗੀ। ਹੁਣ ਉਨ੍ਹਾਂ ਆਪਣਾ ਇਹ ਵਾਅਦਾ ਪੂਰਾ ਕਰਦਿਆਂ ਦੋ ਕਰੋੜ ਦੀ ਲਾਗਤ ਨਾਲ 1.5 ਏਕੜ ਵਿੱਚ ਸ਼ਾਨਦਾਰ ਕ੍ਰਿਸਚੀਅਨ ਭਵਨ ਬਣਾਇਆ ਗਿਆ ਹੈ ਅਤੇ ਕਬਰਸਤਾਨ ਲਈ ਵਿੱਚ ਜਗਾ ਕ੍ਰਿਸ਼ਚੀਅਨ ਭਾਈਚਾਰੇ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਈਸਾ ਮਸੀਹ ਦਾ ਵੱਡਾ ਯੋਗਦਾਨ ਰਿਹਾ ਹੈ ਇਸ ਲਈ  ਕ੍ਰਿਸਚੀਅਨ ਭਾਈਚਾਰੇ ਦੀਆਂ ਹੋਰ ਮੰਗਾਂ ਤੇ ਮੁਸ਼ਕਿਲਾਂ ਦਾ ਵੀ ਹੱਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਪਰ ਉਹ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸ਼ਹਿਰ ਵਿਚ ਸਾਡੇ ਗੁਰੂਆਂ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਚ ਇਕ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਉਥੇ ਹੀ ਜਨਮ ਅਸ਼ਟਮੀ ਨੂੰ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ ।ਉਨ੍ਹਾਂ ਇਸ ਮੌਕੇ ਕ੍ਰਿਸ਼ਚੀਅਨ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਭਾਈਚਾਰੇ ਦੇ ਨਾਲ ਖੜ੍ਹੇ ਹਨ।