ਲੋਕ ਹਿੱਤ ਸਕੀਮਾਂ ਜ਼ਮੀਨੀ ਪੱਧਰ ਉੱਤੇ ਪਹੁੰਚਾਉਣ ਦੇ ਵੱਧ ਤੋਂ ਵੱਧ ਕੀਤੇ ਜਾਣ ਉਪਰਾਲੇ : ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ
ਬਠਿੰਡਾ, 14 ਦਸੰਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਅੱਜ ਬਠਿੰਡਾ ਜ਼ਿਲ੍ਹੇ ਦੇ ਦੌਰੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਮਾਈਸਰਖਾਨੇ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ.ਅਰਵਿੰਦਪਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਅਜੈ ਮਲੂਜਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਦੌਰੇ ਦੌਰਾਨ ਰਾਜਪਾਲ ਸ੍ਰੀ ਪੁਰੋਹਿਤ ਨੂੰ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਮਾਈਸਰਖਾਨਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਵੱਲੋਂ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।
ਇਸ ਮੌਕੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜ਼ਿਲੇ ’ਚ ਚੱਲ ਰਹੇ ਵਿਕਾਸ ਕੰਮਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੇ ਅਫ਼ਸਰਾਂ ਨੂੰ ਆਪਣਾ ਕੰਮ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨਾਲ ਸਬੰਧਿਤ ਸਕੀਮਾਂ ਦੀ ਖਾਸ ਮੋਨੀਟਰਿੰਗ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਰਗ ਨੂੰ ਉਸ ਦਾ ਬਣਦਾ ਅਧਿਕਾਰ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਜੀ ਆਇਆ ਕਹਿੰਦਿਆਂ ਬਠਿੰਡਾ ਜ਼ਿਲੇ ਦੇ ਇਤਿਹਾਸ ਅਤੇ ਧਾਰਮਿਕ ਪੱਖਾਂ ਬਾਰੇ ਜਾਣੂ ਕਰਵਾਇਆ ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਾਬਕਾ ਮੰਤਰੀ ਸ੍ਰੀ ਚਰੰਜੀ ਲਾਲ ਗਰਗ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਾਜਨ ਗਰਗ, ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ੍ਰੀ ਆਕਾਸ਼ ਬਾਂਸਲ, ਉੱਪ ਮੰਡਲ ਮੈਜਿਸਟਰੇਟ ਮੌੜ ਮੈਡਮ ਵੀਰਪਾਲ ਕੌਰ, ਐਸ ਪੀ ਸ੍ਰੀ ਮੇਜਰ ਸਿੰਘ ਆਦਿ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ