ਆਤਮਾ ਸਕੀਮ ਅਧੀਨ 6 ਰੋਜ਼ਾ ਪ੍ਰੋਗਰਾਮ ਆਯੋਜਿਤ
ਬਠਿੰਡਾ, 7 ਦਸੰਬਰ (ਲਖਵਿੰਦਰ ਸਿੰਘ ਗੰਗਾ)
ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਖਲਾਈ ਅਫਸਰ ਡਾ. ਹਰਬੰਸ ਸਿੰਘ ਦੀ ਪ੍ਰਧਾਨਗੀ ਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੋਰ ਬੋਪਾਰਾਏ ਦੀ ਯੋਗ ਅਗਵਾਈ ਹੇਠ ਇੰਡੀਅਨ ਇੰਸਟੀਟਿਊਟ ਆਫ ਫੂਡ ਪ੍ਰੋਸੈਸਿੰਗ ਅਤੇ ਤਕਨੋਲੋਜੀ (IFPI) ਵਿਖੇ ਪਿੰਡਾਂ ਨਾਲ ਸਬੰਧਤ ਕਿਸਾਨ ਬੀਬੀਆਂ ਲਈ 6 ਰੋਜ਼ਾ ਪੇਂਡੂ ਨੌਜਵਾਨ ਹੁਨਰ ਸਿਖਲਾਈ ਪ੍ਰੋਗਰਾਮ (STRY) ਕਰਵਾਇਆ ਗਿਆ। ਇਸ 6 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਮੁੱਖ ਮੰਤਵ ਕਿਸਾਨ ਬੀਬੀਆਂ ਨੂੰ ਉੱਚ ਸ਼੍ਰੇਣੀ ਤੇ ਵਧੀਆ ਤਕਨੀਕਾਂ ਨਾਲ ਬੇਕਰੀ ਸਿੱਖਿਆ ਹਾਸਲ ਕਰਵਾਉਣਾ ਹੈ। ਇਸ ਸਿਖਲਾਈ ਪ੍ਰੋਗਰਾਮ ਨੂੰ ਪਾਮੇਤੀ ਲੁਧਿਆਣਾ ਵੱਲੋਂ ਸਪਾਨਸਰਡ ਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇੰਡੀਅਨ ਇੰਸਟੀਟਿਊਟ ਆਫ ਫੂਡ ਪ੍ਰੋਸੈਸਿੰਗ ਅਤੇ ਤਕਨੋਲੋਜੀ (IFPI) ਵਿਖੇ ਫੂਡ ਪ੍ਰੋਸੈਸਿੰਗ ਲਈ ਹਰ ਤਰ੍ਹਾਂ ਦੀਆਂ ਸਾਧਾਰਣ ਤੋ ਹਾਈ ਟੈਕ ਮਸ਼ੀਨਾਂ ਉਪਲਬਧ ਹਨ ਅਤੇ ਇੰਨ੍ਹਾਂ ਮਸ਼ੀਨਾਂ ਨਾਲ ਟ੍ਰੇਨੀ ਹਰ ਤਰ੍ਹਾਂ ਦੀ ਫੂਡ ਪ੍ਰੋਸੈਸਿੰਗ ਦੀ ਸਿਖਿਆ ਲੈ ਸਕਦਾ ਹੈ। ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਜਿਵੇਂ ਕਿ ਕੇਕ, ਬਿਸਕੁਟ, ਮੈਫਿਨ, ਟਮਾਟਰ ਦੀ ਚਟਨੀ, ਪਿਊਰੀ, ਜੂਸ, ਜੈਲੀ, ਅਚਾਰ ਮੁਰੱਬੇ, ਕੈਨਿੰਗ, ਆਲੂ ਅਤੇ ਪਿਆਜ ਦੀ ਵੈਲਊ ਅਡੀਸ਼ਨ ਆਦਿ ਤਿਆਰ ਕਰ ਸਕਦਾ ਹੈ।
ਸਿਖਲਾਈ ਦੇ ਪਹਿਲੇ ਤੇ ਦੂਸਰੇ ਦਿਨ ਵੱਖ-ਵੱਖ ਤਰ੍ਹਾਂ ਦੇ ਬਿਸਕੁਟ, ਪਾਊਂਡ ਕੇਕ, ਕੁੱਕੀਜ, ਫਰੂਟ ਕੇਕ ਆਦਿ ਬਣਾਉਣੇ ਸਿਖਾਏ ਗਏ। ਜਿਸ ਚ ਡੋਅ, ਮਿਕਸਰ ਅਤੇ ਡੈਕ ਅਵਨ ਵਰਗੀਆਂ ਵੱਡੀਆਂ ਅਤੇ ਹਾਈ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਸਿਖਲਾਈ ਦੇ ਤਸੀਰੇ ਦਿਨ ਇੰਕੂਬੇਟਰ ਤੇ ਰੋਟਰੀ ਅਵਨ ਦੀ ਵਰਤੋਂ ਕਰਦਿਆ ਹਰ ਰੋਜ਼ ਆਮ ਖਾਣ ਵਾਲੀ ਬਰੈਡ ਬਣਾਉਣੀ ਸਿਖਾਈ ਗਈ ਅਤੇ ਚੌਥੇ ਦਿਨ ਰੋਟਰੀ ਅਵਨ ਨਾਲ ਪੈਟਜੀ ਬਣਾਉਣੀਆਂ ਸਿਖਾਈਆ ਗਈ। ਇਸੇ ਤਰ੍ਹਾਂ ਪੰਜਵੇਂ ਦਿਨ ਚਾਕਲੇਟ, ਕੇਕ ਜਿਸ ਵਿੱਚ ਡੋਅ ਮਿਕਸਰ, ਰੈਫਰੀਜਰੇਟਰ ਅਤੇ ਰੋਟਰੀ ਅਵਨ ਵਰਗੀਆਂ ਮਸ਼ੀਨਾਂ ਦੀ ਵਰਤੋ ਕੀਤੀ ਗਈ। ਇਸ ਮੌਕੇ ਕਿਸਾਨ ਬੀਬੀਆਂ ਨੇ ਆਪ ਵੱਖ-ਵੱਖ ਬੇਕਰੀ ਦੇ ਪ੍ਰੋਡਕਟਸ ਤਿਆਰ ਕੀਤੇ ਗਏ।
ਇਸ ਮੌਕੇ ਸਾਰੀਆਂ ਕਿਸਾਨ ਬੀਬੀਆਂ ਨੇ ਮਸ਼ੀਨਾਂ ਅਤੇ ਬੇਕਰੀ ਦੀ ਟ੍ਰੇਨਿੰਗ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਭਰੋਸਾ ਦਵਾਇਆ ਕਿ ਉਹ ਆਪਣੇ ਸੈਲਫ ਹੈਲਪ ਗਰੁੱਪ ਨਾਲ ਬੇਕਰੀ ਦੇ ਪ੍ਰੋਡਕਟ ਬਣਾਉਣੇ ਸ਼ੁਰੂ ਕਰਨਗੀਆ ਅਤੇ ਨਾਲ ਪੈਕਿੰਗ ਕਰਕੇ ਵੇਚ ਕੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਸਾਥ ਦੇਣਗੀਆਂ।
ਸਿਖਲਾਈ ਕੈਂਪ ਦੇ ਆਖਰੀ ਦਿਨ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਨੇ ਕਿਸਾਨ ਬੀਬੀਆਂ ਵੱਲੋਂ ਟ੍ਰੇਨਿੰਗ ਵਿੱਚ ਉਨ੍ਹਾਂ ਨੇ ਜੋ ਕੁੱਝ ਸਿੱਖਿਆ ਉਸ ਸਬੰਧੀ ਇਕ ਟੈਸਟ ਲਿਆ ਗਿਆ। ਟੈਸਟ ਉਪਰੰਤ ਕਿਸਾਨ ਬੀਬੀਆਂ ਨੂੰ ਪੇਂਡੂ ਨੌਜਵਾਨ ਹੁਨਰ ਸਿਖਲਾਈ ਪ੍ਰੋਗਰਾਮ ਦੇ ਸਰਟੀਫਿਕੇਟ ਵੰਡੇ ਗਏ ਅਤੇ ਨਾਲ ਹੀ ਮੁੱਖ ਖੇਤੀਬਾੜੀ ਅਫਸਰ ਨੇ ਘਰੇਲੂ ਬਗੀਚੀ ਲਈ ਕਿਸਾਨ ਬੀਬੀਆਂ ਨੂੰ ਸਬਜੀ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।
ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਨਾਰਿੰਦਰ ਸਿੰਘ ਗੋਦਾਰਾ, ਜ਼ਿਲ੍ਹਾ ਸਿਖਲਾਈ ਅਫਸਰ ਡਾ. ਹਰਬੰਸ ਸਿੰਘ, ਸ਼੍ਰੀ ਨਵਜੀਤ ਸਿੰਘ ਤੋਂ ਇਲਾਵਾ ਕਿਸਾਨ ਬੀਬੀਆਂ ਹਾਜ਼ਰ ਸਨ।