ਕਿਹਾ, ਨਵੇਂ ਫੈਲ ਰਹੇ ਓਮਿਕ ਕਰੋਮ ਵਾਇਰਸ ਤੋਂ ਬਚਾਓ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ
ਓਮਿਕ ਕਰੋਮ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਹੋ ਸਕਦੀ ਹੈ ਵੈਕਸੀਨੇਸ਼ਨ ਲਾਹੇਵੰਦ ਸਾਬਤ
ਬਠਿੰਡਾ, 1 ਦਸੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵਲੋਂ ਕੋਵਿਡ-19 ਮਹਾਂਮਾਰੀ ਦੀ ਸੰਭਾਵੀਂ ਤੀਜੀ ਲਹਿਰ ਤੇ ਓਮਿਕ ਕਰੋਮ ਵਾਇਰਸ ਦੇ ਫੈਲਾਓ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਰੋਨਾ ਵੈਕਸੀਨੇਸ਼ਨ ਦੇ ਨਾਲ-ਨਾਲ ਓਮਿਕ ਕਰੋਮ ਵਾਇਰਸ ਤੋਂ ਬਚਾਅ ਲਈ ਅਗਾਊਂ ਲੋੜੀਂਦੀਆਂ ਤਿਆਰੀਆਂ ਜਾਰੀ ਰੱਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਕੀਤੀ ਜਾ ਰਹੀ ਕਰੋਨਾ ਵੈਕਸੀਨੇਸ਼ਨ ਦੀ ਸਮੀਖਿਆ ਕਰਦਿਆਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਕਰੋਨਾ ਵੈਕਸੀਨੇਸ਼ਨ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਅੰਦਰ ਨਵੇਂ ਫੈਲ ਰਹੇ ਓਮਿਕ ਕਰੋਮ ਵਾਇਰਸ ਤੋਂ ਬਚਾਓ ਲਈ ਲੋੜੀਂਦੇ ਅਗਾਊਂ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮਿਕ ਕਰੋਮ ਵਾਇਰਸ ਅਫ਼ਰੀਕਾ ਦੇਸ਼ ਤੋਂ ਸ਼ੁਰੂ ਹੋਇਆ ਇਹ ਖ਼ਤਰਨਾਕ ਵਾਇਰਸ 12 ਦੇਸ਼ਾਂ ਵਿਚ ਫ਼ੈਲ ਚੁੱਕਾ ਹੈ। ਇਹ ਵਾਇਰਸ ਹੋਰਨਾਂ ਵਾਇਰਸਾਂ ਨਾਲੋਂ ਵਧੇਰੇ ਖ਼ਤਰਨਾਕ ਤੇ ਵੱਧ ਫ਼ੈਲਣ ਵਾਲਾ ਹੈ। ਇਸ ਵਾਇਰਸ ਦੀ ਰੋਕਥਾਮ ਲਈ ਹਰ ਵਿਅਕਤੀ ਦੀ ਵੈਕਸੀਨੇਸ਼ਨ ਹੋਣੀ ਲਾਜ਼ਮੀ ਹੈ ਕਿਉਂਕਿ ਇਹ ਵੈਕਸੀਨੇਸ਼ਨ ਇਸ ਖ਼ਤਰਨਾਕ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਐਸਡੀਐਮ ਬਠਿੰਡਾ ਸ਼੍ਰੀ ਕੰਵਰਜੀਤ ਸਿੰਘ, ਐਸਡੀਐਮ ਮੌੜ ਸ਼੍ਰੀਮਤੀ ਵੀਰਪਾਲ ਕੌਰ, ਐਸਡੀਐਮ ਰਾਮਪੁਰਾ ਸ਼੍ਰੀ ਨਵਦੀਪ ਕੁਮਾਰ, ਡਾ. ਪਾਮਿਲਾ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।