ਦੇਸ ਰਾਜ ਕੰਬੋਜ ਨੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਵਜੋਂ ਸੰਭਾਲਿਆ ਅਹੁਦਾ
ਕਿਹਾ, ਰਿਸ਼ਵਤਖੋਰੀ ਕਿਸੇ ਵੀ ਕੀਮਤ ਤੇ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਬਠਿੰਡਾ, 1 ਦਸੰਬਰ (ਲਖਵਿੰਦਰ ਸਿੰਘ ਗੰਗਾ)
ਰਿਸ਼ਵਤਖੋਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਪੁਲਿਸ ਚ ਵਧੇਰੇ ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀ ਦੇਸ ਰਾਜ ਕੰਬੋਜ ਪੀ.ਪੀ.ਐਸ ਨੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਵਜੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਕੀਤਾ।
ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਸ਼੍ਰੀ ਦੇਸ਼ ਰਾਜ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਘੁੱਲਾ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਬਠਿੰਡਾ ਆਦਿ ਦੇ ਪੁਲਿਸ ਸਟੇਸ਼ਨਾਂ ਵਿਚ ਬਤੌਰ ਮੁੱਖ ਅਫ਼ਸਰ ਡਿਊਟੀ ਕੀਤੀ। ਬਤੌਰ ਸੁਪਰਡੈਂਟ ਆਫ ਪੁਲਿਸ ਤਰੱਕੀਯਾਬ ਹੋਣ ਉਪਰੰਤ ਐਸ.ਪੀ./ਸਿਟੀ, ਐਸ.ਪੀ/ਡੀ ਤੇ ਐਸ.ਪੀ. ਹੈਡਕੁਆਟਰ ਬਠਿੰਡਾ ਤੋਂ ਇਲਾਵਾ ਐਸ.ਪੀ /ਮਲੋਟ, ਏ ਆਈ ਜੀ/ਜੋਨਲ, ਸੀ ਆਈ ਡੀ ਫਿਰੋਜਪੁਰ ਤੇ ਬਠਿੰਡਾ ਤੇ ਏ.ਆਈ.ਜੀ, ਸੀ. ਆਈ. ਬਠਿੰਡਾ ਵਜੋਂ ਤਾਇਨਾਤ ਰਹੇ ਹਨ।
ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਸ਼੍ਰੀ ਦੇਸ਼ ਰਾਜ ਦਾ ਕਹਿਣਾ ਹੈ ਕਿ ਉਨ੍ਹਾਂ 1982 ਵਿਚ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਜੁਆਇਨ ਕੀਤਾ ਅਤੇ ਆਪਣੀ ਮਿਹਨਤ, ਇਮਾਨਦਾਰੀ, ਵਿਲੱਖਣ ਦਰਜੇ ਅਤੇ ਕੰਮ ਪ੍ਰਤੀ ਕੀਤੀ ਚੰਗੀ ਕਾਰਗੁਜਾਰੀ ਦੇ ਅਧਾਰ ਤੇ ਐਸ.ਐਸ.ਪੀ. ਦੀ ਪ੍ਰੋਮੋਸ਼ਨ ਪ੍ਰਾਪਤ ਕੀਤੀ। ਆਪਣੀ ਨੌਕਰੀ ਦੀ ਸ਼ੁਰੂਆਤੀ ਬੇਸਿਕ ਟ੍ਰੇਨਿੰਗ ਵਿਚ ਉਨ੍ਹਾਂ ਨੇ ਪੁਲਿਸ ਟ੍ਰੇਨਿੰਗ ਕਾਲਜ, ਫਿਲੌਰ ਤੋਂ ਸਾਰੇ ਬੈਂਚ ਵਿਚੋਂ ਪਹਿਲਾਂ ਰੈਂਕ ਹਾਸਿਲ ਕਰਨ ਤੇ ਉਸ ਸਮੇਂ ਦੇ ਮਾਨਯੋਗ ਗਵਰਨਰ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਸਾਲ 2010 ਵਿਚ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਵੀ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਦੇਸ ਰਾਜ ਨੇ ਹੋਰ ਦੱਸਿਆ ਕਿ ਉਨ੍ਹਾਂ ਆਪਣੀ ਪੰਜਾਬ ਪੁਲਿਸ ਦੀ ਸਰਵਿਸ ਦੌਰਾਨ ਹੀ ਉਚ ਪੱਧਰੀ ਮਿਆਰੀ ਸਿਖਿਆ ਹਾਸਲ ਕੀਤੀ। ਉਨ੍ਹਾਂ ਦੀ ਮਹਿਕਮਾ ਪੰਜਾਬ ਪੁਲਿਸ ਵਿਚ ਹਰ ਫਰੰਟ ਤੇ ਬੇਮਿਸਾਲ ਚੰਗੇ ਕੰਮਾਂ, ਇਮਾਨਦਾਰੀ, ਲਗਨ ਤੇ ਵਿਭਾਗ ਵਿਚ ਸ਼ਾਨਦਾਰ ਪ੍ਰਾਪਤੀਆਂ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਡੀ.ਜੀ.ਪੀ. ਕਮਾਂਡੈਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਸਮੇਂ ਉਹ ਸੰਯੁਕਤ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਇਥੇ ਇਹ ਦਸੱਣਯੋਗ ਹੈ ਕਿ ਉਨ੍ਹਾਂ ਨੇ ਆਪਣੀ 39 ਸਾਲ ਅਤੇ 6 ਮਹੀਨਿਆਂ ਦੀ ਨੌਕਰੀ ਦੌਰਾਨ ਇੱਕ ਵੀ ਦਿਨ ਦੀ ਕਮਾਈ ਲੰਬੀ ਛੁੱਟੀ ਜਾਂ ਮੈਡੀਕਲ ਛੁੱਟੀ ਦਾ ਲਾਭ ਨਹੀਂ ਲਿਆ ਜਿਸ ਤੋਂ ਅਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ ਕਿ ਉਹ ਆਪਣੇ ਫਰਜਾਂ ਪ੍ਰਤੀ ਕਿੰਨੇ ਸਮਰਪਿਤ ਹਨ। ਦੇਸ ਰਾਜ, ਪੰਜਾਬ ਪੁਲਿਸ ਦੇ ਉਨ੍ਹਾਂ ਕੁਝ ਚੋਣਵੇਂ ਪੁਲਿਸ ਅਫਸਰਾਂ ਵਿਚ ਸ਼ਾਮਲ ਹਨ ਜਿੰਨ੍ਹਾਂ ਨੇ ਅਜਿਹੀਆਂ ਦੁਰਲੱਭ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ ਅਤੇ ਸਿਪਾਹੀ ਤੋਂ ਐਸ.ਐਸ.ਪੀ. ਦਾ ਰੈਂਕ ਹਾਸਿਲ ਕੀਤਾ ਹੈ।