ਆਗਾਮੀ ਵਿਧਾਨ ਸਭਾ ਚੋਣਾਂ 2022
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਸਬੰਧਤ ਆਰਓਜ਼ ਨਾਲ ਕੀਤੀ ਵਿਸ਼ੇਸ਼ ਬੈਠਕ
ਕਿਹਾ, ਸਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣਗੀਆਂ ਚੋਣਾਂ
ਬਠਿੰਡਾ, 28 ਨਵੰਬਰ (ਲਖਵਿੰਦਰ ਸਿੰਘ ਗੰਗਾ)
ਆਗਾਮੀ ਵਿਧਾਨ ਸਭਾ ਚੋਣਾਂ 2022 ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਨਾਲ ਸਬੰਧਤ ਆਰਓਜ਼ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਸਬੰਧਤ ਆਰਓਜ਼ ਨੂੰ ਵੋਟਾਂ ਦੀ ਸਰਸਰੀ ਸੁਧਾਈ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਬੰਧਤ ਆਰਓਜ਼ ਕੋਲੋਂ ਵੋਟਾਂ ਦੀ ਸਰਸਰੀ ਸੁਧਾਈ ਸਬੰਧੀ ਹੁਣ ਤੱਕ ਪ੍ਰਾਪਤ ਹੋਏ ਫ਼ਾਰਮਾਂ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਸਬੰਧਤ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਰੱਖਣ ਤਾਂ ਜੋ ਕਿਸੇ ਵੀ ਕਿਸਮ ਦੀ ਸਮੱਸਿਆ ਦਰਪੇਸ਼ ਨਾ ਆਵੇ।
ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਨਵੰਬਰ 2021 ਤੋਂ ਨਵੀਆਂ ਵੋਟਾਂ ਬਣਵਾਉਣ, ਕਟਵਾਉਣ ਜਾਂ ਸੋਧ ਕਰਵਾਉਣ ਸਬੰਧੀ ਦਾਅਵੇ ਇਤਰਾਜ਼ ਬੀਐਲਓ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਪ੍ਰਾਪਤ ਕਰਨ ਦਾ ਕੰਮ ਚੱਲ ਰਿਹਾ ਹੈ ਜੋ ਕਿ 30 ਨਵੰਬਰ 2021 ਤੱਕ ਚੱਲੇਗਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਵੋਟਾਂ ਬਣਵਾਉਣ ਵਿਚ ਸਬੰਧਤ ਆਰਓਜ਼ ਦਾ ਪੂਰਨ ਸਹਿਯੋਗ ਦੇਣ, ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਦਫ਼ਤਰ ਆ ਕੇ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹੇ ਚ 1144 ਪੋਲਿੰਗ ਸਟੇਸ਼ਨ ਸੀ ਪਰ ਹੁਣ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਚ ਵਾਧਾ ਕਰਕੇ 1192 ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ ਦਿਵਿਆਂਗਾਂ, ਟਰਾਂਸਜੈਂਡਰਾਂ, ਔਰਤਾਂ ਅਤੇ ਹੋਰ ਕੈਟਾਗਿਰੀ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਵੋਟ ਨਹੀਂ ਬਣੀ ਹੈ ਜਾਂ ਵੋਟ ਬਣਾਉਣ ਲਈ ਫ਼ਾਰਮ ਨਹੀਂ ਭਰਿਆ ਤਾਂ ਉਹ ਸਬੰਧਤ ਬੀਐਲਓਜ਼ ਨਾਲ ਸੰਪਰਕ ਕਰਕੇ ਆਪਣਾ ਫ਼ਾਰਮ ਨੰਬਰ 6 ਜ਼ਰੂਰ ਭਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਦੀ ਹੋ ਜਾਵੇਗੀ। ਜਿਨ੍ਹਾਂ ਦਾ ਜਨਮ 1 ਜਨਵਰੀ 2004 ਜਾਂ ਇਸ ਤੋਂ ਪਹਿਲਾਂ ਦਾ ਹੈ। ਇਸ ਸੁਧਾਈ ਦੇ ਪ੍ਰੋਗਰਾਮ ਦੌਰਾਨ ਆਪਣੀ ਵੋਟ ਅਪਲਾਈ ਕਰ ਸਕਦੇ ਹਨ।
ਉਨਾਂ ਦੱਸਿਆ ਕਿ ਵੋਟਾਂ ਬਣਵਾਉਣ ਸਬੰਧੀ ਕਿਸੇ ਕਿਸਮ ਦੀ ਸਹਾਇਤਾ ਜਾਂ ਮੁਸ਼ਕਿਲ ਆਉਣ ਦੀ ਸੂਰਤ ਵਿਚ ਜ਼ਿਲ੍ਹਾ ਚੋਣ ਦਫ਼ਤਰ ਬਠਿੰਡਾ ਦੇ ਟੋਲ ਫ੍ਰਰੀ ਹੈਲਪ ਲਾਇਨ ਨੰਬਰ 1950 ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਐਸਡੀਐਮ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਐਸਡੀਐਮ ਬਠਿੰਡਾ ਸ਼੍ਰੀ ਕੰਵਰਦੀਪ ਸਿੰਘ, ਐਸਡੀਐਮ ਮੌੜ ਮੈਡਮ ਵੀਰਪਾਲ ਕੌਰ, ਐਸਡੀਐਮ ਰਾਮਪੁਰਾ ਸ਼੍ਰੀ ਨਵਦੀਪ ਕੁਮਾਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।