DEPUTY CHIEF MINISTER TAKES STRONG NOTICE OF UNAUTHORIZED DEPLOYING OF GUNMEN FROM BATTALIONS/POLICE STATIONS

ਉਪ ਮੁੱਖ ਮੰਤਰੀ ਨੇ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਲਗਾਉਣ ਦਾ ਲਿਆ ਨੋਟਿਸ
ਆਈ.ਜੀਜ਼/ਡੀ.ਆਈ.ਜੀਜ਼ ਨੂੰ ਨਿੱਜੀ ਤੌਰ ਉਤੇ ਆਡਿਟ ਕਰਕੇ 25 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਆਖਿਆ
ਪੁਲਿਸ ਅਧਿਕਾਰੀਆਂ ਤੇ ਕਰਮਚਾਰੀ ਬਿਨਾਂ ਨਿਗਰਾਨ ਅਧਿਕਾਰੀ ਦੀ ਪ੍ਰਵਾਨਗੀ ਤੋਂ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਾਣਗੇ: ਰੰਧਾਵਾ
ਚੰਡੀਗੜ੍ਹ, 23 ਨਵੰਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆ ਪੁਲਿਸ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਡਿਊਟੀ ਲਗਾਉਣ ਦਾ ਸਖਤ ਨੋਟਿਸ ਲੈਂਦਿਆਂ ਸਾਰੇ ਜ਼ੋਨਾਂ ਦੇ ਆਈ.ਜੀਜ਼/ਡੀ.ਆਈ.ਜੀਜ਼ ਨੂੰ ਨਿੱਜੀ ਤੌਰ ਉਤੇ ਆਡਿਟ ਕਰਕੇ 25 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਆਖਿਆ ਹੈ। 
ਇਸੇ ਤਰ੍ਹਾਂ ਗ੍ਰਹਿ ਮੰਤਰੀ ਸ. ਰੰਧਾਵਾ ਨੇ ਬਿਨਾਂ ਪ੍ਰਵਾਨਗੀ ਦੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀ ਬਿਨਾਂ ਨਿਗਰਾਨ ਅਧਿਕਾਰੀ ਦੀ ਪ੍ਰਵਾਨਗੀ ਤੋਂ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਵੇਗਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀ/ਕਰਮਚਾਰੀ ਖਿਲਾਫ ਸਖ਼ਤ ਅਨੁਸ਼ਾਸਣੀ ਕਾਰਵਾਈ ਕੀਤੀ ਜਾਵੇਗੀ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ  ਤੌਰ ਉਤੇ ਗੰਨਮੈਨ ਡਿਊਟੀ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸੇ ਤਰ੍ਹਾਂ ਪੁਲਿਸ ਅਧਿਕਾਰੀ/ਕਰਮਚਾਰੀ ਬਿਨਾਂ ਪ੍ਰਵਾਨਗੀ ਦੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਚਲੇ ਜਾਂਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇਕ ਅਨੁਸ਼ਾਸਣਬੱਧ ਫੋਰਸ ਹੈ ਅਤੇ ਅਜਿਹੀ ਅਨੁਸ਼ਾਸਣਹੀਣਤਾ ਨਹੀਂ ਸਹਿਣ ਹੋਵੇਗੀ। ਇਸ ਸੰਬੰਧੀ ਕਿਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਪ ਮੁੱਖ ਮੰਤਰੀ ਵੱਲੋਂ ਦੋਵੇਂ ਮਾਮਲਿਆਂ ਬਾਰੇ ਲਏ ਗਏ ਗੰਭੀਰ ਨੋਟਿਸ ਸੰਬੰਧੀ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਵੱਲੋਂ ਲਿਖਤੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਡਿਊਟੀ ਲਗਾਉਣ ਸੰਬੰਧੀ ਸਾਰੇ ਆਈ.ਜੀਜ਼/ਡੀ.ਆਈ.ਜੀਜ਼ ਨੂੰ ਪੱਤਰ ਲਿਖ ਕੇ ਆਪਣੇ ਅਧੀਨ ਪੈਂਦੇ ਖੇਤਰਾਂ ਵਿੱਚੋਂ ਘੱਟੋ-ਘੱਟ ਦੋ ਥਾਣਿਆਂ ਦਾ ਨਿੱਜੀ ਤੌਰ ਉਤੇ ਮੈਨਪਾਵਰ ਆਡਿਟ ਕਰਕੇ ਅਤੇ ਐਚ.ਆਰ.ਐਮ.ਐਸ. ਰਿਕਾਰਡ ਦੇਖਣ ਦੇਖਣ ਉਪਰੰਤ 25 ਨਵੰਬਰ ਤੱਕ ਰਿਪੋਰਟ ਸੌਂਪਣ ਲਈ ਕਿਹਾ ਹੈ।
ਇਸੇ ਤਰ੍ਹਾਂ ਪ੍ਰਮੁੱਖ ਸਕੱਤਰ ਗ੍ਰਹਿ ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਲਈ ਬਿਨਾਂ ਪ੍ਰਵਾਨਗੀ ਤੋਂ ਅਧਿਕਾਰ ਖੇਤਰ ਤੋਂ ਬਾਹਰ ਨਾ ਜਾਣ ਸੰਬੰਧੀ ਡੀ.ਜੀ.ਪੀ. ਸਮੂਹ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਲਿਖਤੀ ਪੱਤਰ ਜਾਰੀ ਜਾਰੀ ਕਰ ਦਿੱਤਾ ਹੈ।