ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 30 ਨਵੰਬਰ ਤੱਕ : ਜ਼ਿਲ੍ਹਾ ਚੋਣ ਅਫ਼ਸਰ
30 ਨਵੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ
ਯੁਵਾ ਵਰਗ ਸਮਾਰਟ ਫ਼ੋਨ ਰਾਹੀਂ ਆਨ ਲਾਈਨ ਫਾਰਮ ਭਰ ਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ
18ਸਾਲ ਦੀ ਉਮਰ ਪੁਰੀ ਕਰਦੇ ਨੌਜਵਾਨਾਂ ਨੂੰ ਅਪੀਲ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ :ਮਾਧਵੀ ਕਟਾਰੀਆ
ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ 21 ਨਵੰਬਰ ਨੂੰ ਵੀ ਲੱਗੇਗਾ
ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ
ਹਰ ਘਰ ਦਸਤਕ ਅਭਿਆਨ ਤਹਿਤ ਜ਼ਿਲ੍ਹੇ ਦੇ 44 ਪੋਲਿੰਗ ਬੂਥਾਂ ਤੇ ਵੀ
ਲਗਾਏ ਗਏ ਕੋਵਿਡ ਵੈਕਸੀਨੇਸ਼ਨ ਕੈਂਪ
ਮਲੇਰਕੋਟਲਾ, 20 ਨਵੰਬਰ (ਲਖਵਿੰਦਰ ਸਿੰਘ ਗੰਗਾ)
ਭਾਰਤੀ ਚੋਣ ਕਮਿਸ਼ਨ ਤੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਅਤੇ 106 ਅਮਰਗੜ੍ਹ ਵਿਖੇ ਸਥਾਪਿਤ 400 ਪੋਲਿੰਗ ਬੂਥਾਂ ਤੇ ਅੱਜ ਬੂਥ ਲੈਵਲ ਅਫ਼ਸਰ(ਬੀ.ਐਲ.ਓਜ਼) ਵਲੋਂ ਵਿਸ਼ੇਸ਼ ਆਯੋਜਿਤ ਕੈਂਪਾਂ ਦੌਰਾਨ ਆਪਣੇ ਆਪਣੇ ਪੋਲਿੰਗ ਬੂਥਾਂ ਉਪਰ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜਿਹੜੇ ਨਾਗਰਿਕ/ਵੋਟਰ ਕਿਸੇ ਕਾਰਨ ਅੱਜ ਦੇ ਕੈਂਪ ‘ਚ ਨਹੀਂ ਜਾ ਸਕੇ ਉਹ ਕੱਲ੍ਹ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10.00 ਤੋ ਸ਼ਾਮ 05.00 ਵਜੇ ਤੱਕ ਸਬੰਧਿਤ ਬੂਥ ਤੇ ਜਾ ਕੇ ਆਪਣੀ ਵੋਟ ਸਬੰਧੀ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਨੇ ਪੋਲਿੰਗ ਬੂਥਾਂ ਉਪਰ ਜਾ ਕੇ ਬੂਥ ਲੈਵਲ ਅਫ਼ਸਰਾਂ ਨਾਲ ਗੱਲ ਬਾਤ ਕਰਦਿਆਂ ਦਿੱਤੀ।
ਉਨ੍ਹਾਂ ਹੋਰ ਦੱਸਿਆ ਕਿ ਹਰ ਘਰ ਦਸਤਕ ਅਭਿਆਨ ਤਹਿਤ ਜ਼ਿਲ੍ਹੇ ਦੇ 44 ਪੋਲਿੰਗ ਬੂਥਾਂ ਜਿੱਥੇ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਕੈਂਪ ਲਗਾਏ ਗਏ ਹਨ ,ਉੱਥੇ ਯੋਗ ਨਾਗਰਿਕ ਦੀ ਸਹੂਲਤ ਲਈ ਕੋਵਿਡ ਵੈਕਸੀਨੇਸ਼ਨ ਦੇ ਕੈਂਪ ਵੀ ਲਗਾਏ ।ਉਨ੍ਹਾਂ ਜ਼ਿਲ੍ਹਾ ਦੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਵੈਕਸੀਨੇਸ਼ਨ ਹੀ ਕੇਵਲ ਅਜਿਹਾ ਵਿਕਲਪ ਹੈ ਜਿਸ ਰਾਹੀਂ ਅਸੀਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਤੇ ਕਾਬੂ ਪਾ ਸਕਦੇ ਹਾਂ । ਲੋਕਾਂ ਨੂੰ ਆਪਣੇ ਮਨਾਂ ਵਿੱਚ ਪਨਪ ਰਹੀਆਂ ਗ਼ਲਤ ਧਾਰਨਾਵਾਂ ਨੂੰ ਛੱਡ ਕੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ, ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਦੁੱਧ ਪਲਾਉਂਦੀਆਂ ਮਾਵਾਂ, ਕਰੋਨਿਕ ਬਿਮਾਰੀ ਦੇ ਮਰੀਜਾਂ,ਬਜ਼ੁਰਗ ਆਦਿ ਵੀ ਲਗਾਵਾਂ ਸਕਦੇ ਹਨ ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨਰ ਵਲੋਂ ਵੋਟਰਾਂ ਦੀ ਸਹੂਲਤ ਲਈ ਜ਼ਿਆਦਾਤਰ ਬੂਥ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਥਾਪਿਤ ਕੀਤੇ ਗਏ ਹਨ । ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ 01 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ। ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ 30 ਨਵੰਬਰ 2021 ਤੱਕ ਫਾਰਮ ਭਰੇ ਜਾ ਸਕਦੇ ਹਨ। ਚੋਣ ਕਮਿਸ਼ਨਰ ਵਲੋਂ ਸਮਾਂ ਦਾ ਹਾਣੀ ਬਣਦੇ ਹੋਏ ਫਾਰਮ ਦਸਤੀ ਰੂਪ ਵਿੱਚ ਭਰਨ ਦੇ ਨਾਲ ਨਾਲ ਆਨ ਲਾਈਨ ਭਰਨ ਦੀ ਸੁਵਿਧਾ ਲਈ ਪੋਰਟਲ www.nvsp.in ਜਾਂ www.voterportal.eci.gov.in ਅਤੇ VOTER HELPLINE APPਸਥਾਪਿਤ ਕੀਤਾ ਹੈ । ਸੁਧਾਈ ਅਤੇ ਬਤੌਰ ਨਵੇਂ ਵੋਟਰ ਰਜਿਸਟਰਡ ਹੋਣ ਦੇ ਕਾਰਜ ਨੂੰ ਬਹੁਤ ਸੁਖਾਲਾ ਕਰ ਦਿੱਤਾ ਗਿਆ ਹੈ ਅਤੇ ਯੁਵਾ ਵਰਗ ਆਪਣੇ ਸਮਾਰਟ ਫ਼ੋਨ ਤੇ ਬਹੁਤ ਹੀ ਆਸਾਨੀ ਨਾਲ ਆਨ ਲਾਈਨ ਫਾਰਮ ਭਰ ਕੇ ਬਤੌਰ ਵੋਟਰ ਰਜਿਸਟਰ ਹੋ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਓਣ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਉਪਯੋਗ ਵੀ ਜ਼ਰੂਰ ਕਰਨ । 01 ਜਨਵਰੀ 2022 ਨੂੰ 18 ਸਾਲ ਦੀ ਉਮਰ ਪੁਰੀ ਕਰਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਬਣਵਾਉਣ ਲਈ 30 ਨਵੰਬਰ 2021 ਤੱਕ ਚੱਲਣ ਵਾਲੀ ਵਿਸ਼ੇਸ਼ ਸਮਰੀ ਰਵੀਜਨ ਦੌਰਾਨ ਭਾਰਤ ਚੋਣ ਕਮਿਸ਼ਨ ਦੀ ਦੇ ਪੋਰਟਲ www.nvsp.in ਜਾਂ www.voterportal.eci.gov.in ਅਤੇ ਅਪਲਾਈ ਕਰ ਸਕਦੇ ਹਨ ਜਾਂ ਭਾਰਤ ਚੋਣ ਕਮਿਸ਼ਨ ਦੀ Voter Helpline App ਰਾਹੀਂ ਵੀ ਫਾਰਮ ਭਰ ਸਕਦੇ ਹਨ । ਉਨ੍ਹਾਂ ਕਿਹਾ ਨੌਜਵਾਨ ਨਵੀਂਆਂ ਵੋਟਾਂ ਬਣਾਉਣ, ਵੋਟਰ ਕਾਰਡ ਵਿੱਚ ਸੁਧਾਈ ਜਾ ਫੇਰ ਵੋਟ ਡਿਲੀਟ ਕਰਨ ਲਈ ਚੋਣ ਕਮਿਸ਼ਨ ਦੀ ਵੈੱਬਸਾਈਟ ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪ ਲਾਈਨ ਮੋਬਾਈਲ ਐਪ ਦੀ ਵਰਤੋਂ ਕਰਕੇ ਘਰ ਬੈਠੇ ਹੀ ਫਾਰਮ ਭਰ ਸਕਦੇ ਹਨ ਅਤੇ ਇਨ੍ਹਾਂ ਪੋਰਟਲ ਦੇ ਰਾਹੀਂ ਨਾਗਰਿਕ ਆਪਣੀਆਂ ਵੋਟਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ ।ਕੋਈ ਵੀ ਨਾਗਰਿਕ ਆਪਣੀ ਵੋਟ ਜਾਂ ਚੋਣਾ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ ਫ਼ਰੀ ਨੰਬਰ 1950 ਉਪਰ ਸੰਪਰਕ ਕਰ ਸਕਦੇ ਹਨ ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਸਵੇਰੇ 10.00 ਵਜੇ ਤੋਂ ਸ਼ਾਮ 05.00 ਤੱਕ ਵੀ ਲਗਾਏ ਜਾਣਗੇ ਅਤੇ ਬੀ.ਐਲ.ਓਜ਼ ਆਪਣੇ ਆਪਣੇ ਪੋਲਿੰਗ ਬੂਥਾਂ ਉਪਰ ਸਵੇਰੇ 10 ਵਜੇ ਤੋਂ ਸ਼ਾਮ 05 ਵਜੇ ਤੱਕ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਮੌਤ ਹੋਣ ਜਾਂ ਸ਼ਿਫ਼ਟ ਹੋਣ ਕਾਰਨ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸ਼ਨਾਖ਼ਤੀ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਸ਼ਿਫ਼ਟ ਹੋਣ ਲਈ ਫਾਰਮ ਨੰਬਰ 8 (ੳ) ਭਰੇ ਜਾ ਸਕਦੇ ਹਨ ।
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 105 ਮਲੇਰਕੋਟਲਾ ਕਮ ਐਸ.ਡੀ.ਐਮ ਮਲੇਰਕੋਟਲਾ ਸ੍ਰੀ ਜਸਬੀਰ ਸਿੰਘ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 106 ਅਮਰਗੜ੍ਹ ਕਮ ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਵਲੋਂ ਆਪਣੇ ਆਪਣੇ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਤੇ ਜਾ ਕੇ ਜਾਇਜਾ ਵੀ ਲਿਆ ।