ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੇ ਖਾਤਿਆਂ `ਚ ਪਾਈ ਜਾ ਰਹੀ ਹੈ 3100 ਰੁਪਏ ਦੀ ਰਾਸ਼ੀ-ਡਿਪਟੀ ਕਮਿਸ਼ਨਰ
ਭਲਾਈ ਸਕੀਮਾਂ ਦਾ ਲਾਭ ਲੈਣ ਲਈ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਕਰਵਾਉਣ ਰਜਿਸਟਰੇਸ਼ਨ
ਬਠਿੰਡਾ, 19 ਨਵੰਬਰ (ਲਖਵਿੰਦਰ ਸਿੰਘ ਗੰਗਾ)
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਦੀਵਾਲੀ ਮੌਕੇ ਐਲਾਨੀ 3100 ਰੁਪਏ ਦੀ ਵਿਤੀ ਸਹਾਇਤਾ ਸਿੱਧੀ ਉਸਾਰੀ ਕਿਰਤੀਆਂ ਦੇ ਖਾਤਿਆਂ `ਚ ਤਬਦੀਲ ਹੋਣ ਕਾਰਨ ਉਨ੍ਹਾਂ ਲਈ ਇਹ ਰਾਸ਼ੀ ਵਰਦਾਨ ਸਾਬਤ ਹੋ ਰਹੀ ਹੈ। ਜ਼ਿਲ੍ਹੇ ਦੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਉਸਾਰੀ ਕਿਰਤੀਆਂ ਦੇ ਖਾਤਿਆਂ `ਚ ਮੁੱਖ ਮੰਤਰੀ ਵੱਲੋਂ ਐਲਾਨੀ ਵਿੱਤੀ ਸਹਾਇਤਾ ਪਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਸਾਰੀ ਕਿਰਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਕਰਵਾਉਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਦੇ ਖਾਤੇ ਵਿਚ 3100 ਰੁਪਏ ਦੀ ਰਕਮ ਨਹੀਂ ਆਈ ਤਾਂ ਇਸਦਾ ਕਾਰਨ ਉਸਦੇ ਬੈਂਕ ਖਾਤੇ ਦਾ ਸਹੀ ਨਾ ਹੋਣਾ ਹੈ ਜਾਂ ਬੈਂਕ ਖਾਤਾ ਲੰਬੇ ਸਮੇਂ ਤੋਂ ਬੰਦ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਲੇਬਰ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।