ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ
ਬਠਿੰਡਾ, 11 ਨਵੰਬਰ (ਲਖਵਿੰਦਰ ਸਿੰਘ ਗੰਗਾ)
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਦੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਚ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਜ਼ਿਲ੍ਹੇ ਦਾ ਬਣਦਾ ਟੀਚਾ ਪ੍ਰਾਪਤ ਕਰ ਸਕੀਏ ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵੈਕਸੀਨ ਇਸ ਤੋਂ ਪਹਿਲਾਂ ਛੇਵੀਂ ਕਲਾਸ ਵਿੱਚ ਪੜ੍ਹਦੀਆਂ ਲੜਕੀਆਂ ਨੂੰ 2016 ਤੇ 2017 ਵਿੱਚ ਦਿੱਤੀ ਗਈ ਸੀ ਤੇ ਹੁਣ 2017 ਵਿੱਚ ਪਹਿਲੀ ਡੋਜ਼ ਪ੍ਰਾਪਤ ਕਰ ਚੁੱਕੀਆਂ 10ਵੀਂ ਕਲਾਸ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਦੂਜੀ ਡੋਜ਼ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਿਆਂ ਅੰਦਰ ਚਲਾਈ ਜਾਵੇਗੀ।
ਇਸ ਮੌਕੇ ਐਸ.ਐ਼ਮ.ਓ. ਡਬਲਿਯੂ.ਐਚ.ਓ ਡਾ. ਮੇਘਾ ਪ੍ਰਕਾਸ਼ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹਾ ਬਠਿੰਡਾ ਅੰਦਰ 201 ਸਰਕਾਰੀ ਸਕੂਲ, 179 ਪ੍ਰਾਈਵੇਟ ਸਕੂਲ ਅਤੇ 06 ਸੈਂਟਰਲ ਸਕੂਲ ਦੇ 9717 ਬੱਚੀਆਂ ਦਾ ਐਚ.ਪੀ.ਵੀ. ਤੋਂ ਟੀਕਾਕਰਨ ਕੀਤਾ ਜਾਣਾ ਹੈ। ਇਸ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ 18 ਵੈਕਸੀਨੇਸ਼ਨ ਸਥਾਨਾਂ ਦੀ ਚੋਣ ਕੀਤੀ ਗਈ ਤੇ 58 ਟੀਮਾਂ ਇਸ ਟੀਕਾਕਰਨ ਮੁਹਿੰਮ ਲਈ ਗਠਤ ਕੀਤੀਆਂ ਗਈਆਂ ਹਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ. ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਲਜੀਤ ਸਿੰਘ ਸੰਦੋਹਾ, ਟ੍ਰਾਂਸਪੋਰਟ ਵਿਭਾਗ, ਸਮੂਹ ਐਸ.ਐਮ.ਓ. ਤੋਂ ਇਲਾਵਾ ਵੱਖ-ਵੱਖ ਐਨ.ਜੀ.ਓਜ਼ ਦੇ ਨੁਮਾਂਇੰਦੇ ਹਾਜ਼ਰ ਸਨ।