ਜ਼ਿਲ੍ਹਾ ਬਠਿੰਡਾ ਡਵੀਜਨ ਚ 3528 ਲੱਖ ਦੇ ਬਿਜਲੀ ਬਕਾਏ ਹੋਏ ਮੁਆਫ-ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਦੇ ਫੈਸਲੇ ਨੇ ਬਿਜਲੀ ਉਪਭੋਗਤਾਵਾਂ ਨੂੰ ਦਿੱਤੀ ਵੱਡੀ ਰਾਹਤ
ਬਕਾਏ ਦੀ ਮੁਆਫੀ ਲਈ ਫਾਰਮ ਭਰਨ ਦੀ ਕੀਤੀ ਅਪੀਲ
ਬਠਿੰਡਾ, 11 ਨਵੰਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਬਿਜਲੀ ਦੇ ਬਕਾਏ ਦੇ ਬਿੱਲ ਮੁਆਫ ਕਰਨ ਦੇ ਐਲਾਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਬਠਿੰਡਾ ਜ਼ਿਲ੍ਹੇ ਅਧੀਨ ਪੰਜਾਬ ਰਾਜ ਬਿਜਲੀ ਨਿਗਮ ਦੀ ਬਠਿੰਡਾ ਡਵੀਜਨ ਵਿਚ ਹੁਣ ਤੱਕ 41206 ਉਪਭੋਗਤਾਵਾਂ ਦੇ 3528.85 ਲੱਖ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਵੱਡੇ ਪੱਧਰ ਤੇ ਲੋਕਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦਰਾਂ ਜਿਆਦਾ ਹੋਣ ਕਾਰਨ ਅਤੇ ਪਿੱਛਲੇ ਸਾਲ ਕਰੋਨਾ ਕਾਰਨ ਲੱਗੇ ਲਾਕਡਾਉਨ ਕਾਰਨ ਲੋਕਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਸੀ ਜਿਸ ਕਾਰਨ ਕਾਫੀ ਸਾਰੇ ਲੋਕਾਂ ਦੇ ਬਿੱਲ ਸਮੇਂ ਸਿਰ ਨਹੀਂ ਭਰੇ ਗਏ ਸਨ। ਇਸ ਕਾਰਨ ਲੋਕਾਂ ਦੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਨੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ ਉਪਭੋਗਤਾਵਾਂ ਦੇ ਬਕਾਇਆ ਬਿੱਲ ਮੁਆਫ ਕਰਨ ਦਾ ਫੈਸਲਾ ਲਿਆ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਡਵੀਜਨ ਅਧੀਨ ਬਠਿੰਡਾ ਸ਼ਹਿਰ ਵਿਚ 16241 ਉਪਭੋਗਤਾਵਾਂ ਦੇ 1640.9 ਲੱਖ, ਸਬ-ਡਵੀਜਨ ਰਾਮਪੁਰਾ ਚ 12889 ਉਪਭੋਗਤਾਵਾਂ ਦੇ 849.47 ਲੱਖ, ਸਬ-ਡਵੀਜਨ ਭਗਤਾ ਵਿਚ 4348 ਉਪਭੋਗਤਾਵਾਂ ਦੇ 606.85 ਲੱਖ ਅਤੇ ਸਬ-ਡਵੀਜਨ ਮੌੜ ਚ 7728 ਉਪਭੋਗਤਾਵਾਂ ਦੇ 432.44 ਲੱਖ ਦੇ ਬਿੱਲਾਂ ਦੇ ਬਕਾਏ ਇਸ ਤੋਂ ਪਹਿਲਾਂ ਮੁਆਫ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਜਲੀ ਨਿਗਮ ਨੂੰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰਵਾਏ ਜਾਣ ਜਿੰਨ੍ਹਾਂ ਦੇ ਕਿ ਬਕਾਏ ਖੜੇ ਹਨ ਤੇ ਜਲਦ ਤੋਂ ਜਲਦ ਸਾਰੇ ਬਕਾਏਦਾਰਾਂ ਦੇ ਖੜ੍ਹੇ ਬਕਾਏ ਮੁਆਫ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੱਟੇ ਕੁਨੈਕਸ਼ਨ ਦੀ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਦੁਬਾਰਾ ਜ਼ੋੜੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਲੱਗਣ ਵਾਲੇ ਕੈਂਪ ਵਿਚ ਬਕਾਏ ਦੀ ਮੁਆਫੀ ਲਈ ਫਾਰਮ ਜ਼ਰੂਰ ਭਰਨ।