ਮੁੱਖ ਮੰਤਰੀ ਦੇ ਨੱਕ ਹੇਠਾਂ ਟਰੱਸਟੀ ਜਮੀਨਾਂ ਵੇਚ ਕੇ ਕਰ ਰਹੇ ਨੇ ਵੱਡਾ ਘਪਲਾ
ਇਸ ਦੀ ਜਾਂਚ ਲਈ ਮੁੱਖ ਮੰਤਰੀ ਆਪ ਧਿਆਨ ਦੇਣ -ਪੰਜਾਬ ਅਗੇਂਸਟ ਕੁਰੱਪਸ਼ਨ
ਮੋਹਾਲੀ, 30 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਸਮਾਜ ਸੇਵੀ ਸੰਸਥਾ ਪੰਜਾਬ ਅਗੇਸਟ ਕੁਰੱਪਸ਼ਨ ਦੇ ਅਹੁਦੇਦਾਰ ਸਤਨਾਮ ਦਾਊਂ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਗਦਰ ਪਾਰਟੀ ਦੇ ਖਜਾਨਚੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਿਤਾ ਸ. ਹਰਸ਼ਾ ਸਿੰਘ, ਸ਼ਹੀਦ ਦੀਆਂ ਯਾਦਗਾਰਾਂ ਕਾਇਮ ਕਰਨ ਵਿੱਚ ਲੱਗੇ ਰਹੇ ਸਨ। ਭਾਰਤ ਦੀ ਆਜ਼ਾਦੀ ਲਹਿਰ ਵਿੱਚ ਗਦਰੀ ਬਾਬਿਆਂ ਦਾ ਵੱਡਾ ਰੋਲ ਸੀ। ਇਹਨਾਂ ਗਦਰੀ ਬਾਬਿਆਂ ਵਿੱਚੋਂ ਪੰਡਿਤ ਕਾਂਸ਼ੀ ਰਾਮ ਜੀ ਜੋ ਕਿ ਮੋਰਿੰਡਾ ਨੇੜਲੇ ਮੜੌਲੀ ਕਲਾਂ ਪਿੰਡ ਦੇ ਜੰਮਪਲ ਸਨ। ਪੰਡਿਤ ਕਾਂਸੀ ਰਾਮ ਜੀ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾਂ (ਕਾਮਾਗਾਟਾਮਾਰੂ ਸਾਕਾ) ਅਤੇ ਪਰਮਾਨੰਦ ਜੀ ਨਾਲ ਮਿਲ ਕੇ ਹਿੰਦੀ ਪੇਸੈਫਿਕ ਨਾਮ ਦੀ ਇੱਕ ਸੰਸਥਾ ਕਾਇਮ ਕੀਤੀ ਸੀ ਅਤੇ ਬਾਅਦ ਵਿੱਚ ਇਸ ਸੰਸਥਾ ਨੇ ਕਨੇਡਾ ਅਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਹੋਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ ਸ਼ਨ। ਗਦਰ ਪਾਰਟੀ ਨੇ ਬਾਅਦ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਭਾਰਤ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਸੀ। ਅੰਗਰੇਜ਼ੀ ਹਕੂਮਤ ਖਿਲਾਫ ਗਤੀਵਿਧੀਆਂ ਕਰਨ ਕਾਰਨ ਪੰਡਿਤ ਕਾਂਸ਼ੀ ਰਾਮ ਨੂੰ ਅੰਗਰੇਜ਼ ਹਕੂਮਤ ਨੇ 27 ਮਾਰਚ 1915 ਨੂੰ ਲਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।
ਸ਼ਹੀਦ ਕਾਂਸ਼ੀ ਰਾਮ ਜੀ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਮੌਹਾਲੀ ਇਲਾਕੇ ਦੇ ਹੋਣ ਕਾਰਨ ਇਲਾਕੇ ਦੇ ਲੋਕਾਂ ਅਤੇ ਉਸ ਸਮੇਂ ਦੇ ਐੱਮ.ਐੱਲ.ਏ. ਸ਼ਮਸ਼ੇਰ ਸਿੰਘ ਜੋਸ਼ , ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਜੋ ਉਸ ਸਮੇਂ ਸਰਪੰਚ ਪਿੰਡ ਭਜੌਲੀ ਸ਼ਨ, ਸ. ਨਾਨਕ ਸਿੰਘ ਸਰਪੰਚ ਖਾਨਪੁਰ, ਪਿੰਡ ਭਾਗੋ ਮਾਜਰਾ ਅਤੇ ਇਲਾਕੇ ਦੇ ਹੋਰ ਲੋਕਾਂ ਨੇ ‘ਨੈਸ਼ਨਲ ਐਜੂਕੇਸ਼ਨ ਸੋਸਾਇਟੀ’ ਖਰੜ ਰਜਿਸਟਰਡ ਨੰਬਰ 121 ਨੂੰ 17 ਜੁਲਾਈ 1973 ਵਿੱਚ ਰਜਿਸਟਰ ਕਰਵਾ ਕੇ ਗਦਰੀ ਸ਼ਹੀਦ ਕਾਂਸੀ ਰਾਮ ਜੀ ਦੀ ਯਾਦ ਨੂੰ ਅਮਰ ਕਰਨ ਲਈ ਇਲਾਕੇ ਵਿੱਚ ਵੱਡੀਆਂ ਸਿੱਖਿਆ ਸੰਸਥਾਵਾਂ ਬਣਾਉਣ ਲਈ ਪਹਿਲ ਕੀਤੀ ਗਈ ਸੀ। ‘ਨੈਸ਼ਨਲ ਐਜੂਕੇਸ਼ਨ ਸੋਸਾਇਟੀ’ ਰਜਿਸਟਰ ਕਰਵਾਉਣ ਵੇਲੇ ਉਸ ਸਮੇਂ ਦੇ ਐਮ.ਐੱਲ.ਏ ਸ ਸਮਸ਼ੇਰ ਸਿੰਘ ਜੋਸ਼ ਸਨ ਨੂੰ ਪ੍ਰਧਾਨ , ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਨੂੰ ਐਗਜੈਕਟਿਵ ਮੈਂਬਰ ਅਤੇ ਪਿੰਡ ਖਾਨਪੁਰ ਦੇ ਸਰਪੰਚ ਸ. ਨਾਨਕ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ।
ਉਸ ਰਜਿਸਟਰਡ ਸੰਸਥਾ ਵੱਲੋਂ ਉਸ ਸਮੇਂ ਸ਼ਹੀਦ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਸਿੱਖਿਆ ਸੰਸਥਾਵਾਂ ਬਣਾਉਣ ਲਈ 20 ਕਿੱਲੇ ਜਮੀਨ ਪਿੰਡ ਭਾਗੋਮਾਜਰਾ ਨੇ ਸ਼ਰਤਾਂ ਅਧੀਨ ਦਾਨ ਵਿੱਚ ਅਤੇ 17 ਕਿੱਲੇ ਜਮੀਨ ਸਰਪੰਚ ਨਾਨਕ ਸਿੰਘ ਪਿੰਡ ਖਾਨਪੁਰ ਨੇ ਦਿੱਤੀ ਸੀ। ਇਸ ਤੋਂ ਇਲਾਵਾ ਕ੍ਰਿਸ਼ਚਨ ਸਕੂਲ ਖਰੜ ਦੇ ਸਾਹਮਣੇ ਮਹਿੰਗੇ ਭਾਅ ਦੀ ਜਮੀਨ ਜਿਸ ਵਿੱਚ ਇੱਕ ਅੰਗਰੇਜ ਪ੍ਰਿੰਸੀਪਲ ਦੀ ਕੋਠੀ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਇੱਕ ਹੋਸਟਲ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਾਂਡਰਾਂ ਰੋਡ ਤੇ ਇੱਕ ਸਕੂਲ ਬਣਾਉਣ ਲਈ ਜ਼ਮੀਨ ਵੀ ਦਿੱਤੀ ਗਈ ਸੀ ਉਹ ਸਕੂਲ ਦਹਾਕਿਆਂ ਤੋਂ ਬੰਦ ਹੈ। ਇਹਨਾਂ ਜਮੀਨਾਂ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਅਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜੀਕਲ ਐਜੂਕੇਸ਼ਨ ਕਾਲਜ ਜੋ ਕਿ ਉੱਤਰੀ ਭਾਰਤ ਵਿੱਚ ਮਸ਼ਹੂਰ ਫਿਜੀਕਲ ਐਜੂਕੇਸ਼ਨ ਸੀ ਆਦਿ ਸਥਾਪਤ ਕੀਤੇ ਗਏ ਸ਼ਨ।
ਹੁਣ ਰਾਜਧਾਨੀ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਪ੍ਰਾਪਰਟੀ ਬੂਮ ਕਰਕੇ ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਰਕੇ ਵੱਡੇ ਬਿਲਡਰਾਂ ਦੀਆਂ ਲਾਲਚੀ ਨਜਰਾਂ ਇਹਨਾਂ ਕੀਮਤੀ ਜਮੀਨਾਂ ਤੇ ਹਨ। ਜਿਸ ਕਾਰਨ ਟਰੱਸਟ ਪ੍ਰਬੰਧਕਾਂ ਨੇ ਜਮੀਨਾਂ ਦਾ ਕੁੱਝ ਹਿੱਸਾ ਸੰਨ 2003 ਵਿੱਚ 4 ਲੱਖ 66 ਹਜਾਰ ਰੁਪਏ ਵਿੱਚ ਨੀਲਾਮ ਕੀਤਾ, ਫਿਰ ਸਾਲ 2011 ਵਿੱਚ ਕੁੱਝ ਜਮੀਨ ਵੇਚੀ ਗਈ। ਹੁਣ ਸਾਲ 2008 ਤੋਂ ਲੈ ਕੇ ਜੂਨ 2021 ਤੱਕ ਲਗਭਗ 53 ਇੰਤਕਾਲ ਕਰਵਾਏ ਗਏ ਜਿਸ ਵਿੱਚੋਂ 40 ਤੋਂ ਵੱਧ ਸੌਦੇ ਸਿਰਫ ਇੱਕ ਨਾਮੀ ਬਿਲਡਰ ਪ੍ਰਵੀਨ ਕੁਮਾਰ ਪੁੱਤਰ ਅਮਰ ਚੰਦ ਦੇ ਨਾਮ ਕਰਵਾ ਕੇ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਗਏ ਜਿਸ ਕਾਰਨ ਇਹ ਵੀ ਸ਼ੱਕ ਹੈ ਕਿ ਬਾਕੀ ਜਮੀਨਾਂ ਦੇ ਗੁਪਤ ਸੋਦੇ ਵੀ ਹੋਏ ਹੋਣਗੇ।
ਇਸ ਤੋਂ ਇਲਾਵਾ ਟਰੱਸਟ ਵੱਲੋਂ ਹੋਰ ਵੀ ਵੱਡੇ ਘੋਟਾਲੇ ਕਰਨ ਦਾ ਸ਼ੱਕ ਹੈ ਕਿਉਂ ਕਿ ਟਰੱਸਟ ਵੱਲੋਂ ਆਰ ਟੀ ਆਈ ਰਾਹੀਂ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਪਰ ਸੂਚਨਾ ਕਮਿਸ਼ਨ ਦਾ ਦਬਾਓ ਪੈਣ ਤੇ ਗਲਤ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ। ਜਾਣਕਾਰੀ ਵਿੱਚ ਕਿਹਾ ਗਿਆ ਕਿ ਟਰੱਸਟ ਅਤੇ ਕਾਲਜ ਦੇ ਨਾਮ ਤੇ ਕੋਈ ਵੀ ਜਮੀਨ ਨਹੀਂ ਹੈ ਅਤੇ ਨਾ ਹੀ ਕੋਈ ਜਮੀਨ ਵੇਚੀ ਗਈ ਹੈ ਅਤੇ ਨਾ ਹੀ ਕਿਸੇ ਵੀ ਜਮੀਨਾਂ ਦੇ ਪੈਸੇ ਲਏ ਗਏ ਹਨ ਜਦੋਂ ਕੇ ਸਾਡੇ ਕੋਲ ਵੇਚੀਆਂ ਜਮੀਨਾਂ ਦਾ ਅਤੇ ਵੇਚੀਆਂ ਜਮੀਨਾਂ ਦੀ ਕੀਮਤ ਲੈਣ ਦਾ ਸਰਕਾਰੀ ਰਿਕਾਰਡ ਮੌਜੂਦ ਹੈ ਜਿਸ ਤੋਂ ਵੱਡੇ ਘਪਲੇ ਦੀ ਬੂ ਆਉਂਦੀ ਹੈ।
ਹੁਣ ਦੋਵੇਂ ਯਾਦਗਾਰੀ ਕਾਲਜ ਬੰਦ ਹੋਣ ਕਿਨਾਰੇ ਹਨ ਲਾਲਚ ਕਾਰਨ ਇਨ੍ਹਾਂ ਯਾਦਗਾਰੀ ਕਾਲਜਾਂ ਦੀਆਂ ਜਮੀਨਾਂ ਲਗਾਤਾਰ ਹੋ ਰਹੇ ਘਪਲਿਆਂ ਕਾਰਨ ਬਿਲਡਰਾਂ ਕੋਲ ਵਿਕ ਰਹੀਆਂ ਹਨ ਅਤੇ ਟਰੱਸਟੀ ਇੱਕ ਸਕੂਲ ਪਹਿਲਾ ਹੀ ਬੰਦ ਕਰ ਚੁੱਕੇ ਹਨ ਅਤੇ ਹੁਣ ਕਾਲਜਾਂ ਦਾ ਭਵਿੱਖ ਵੀ ਧੁੰਦਲਾ ਹੈ।
ਗਦਰੀ ਬਾਬਿਆਂ ਦੇ ਵਾਰਸਾਂ ਅਤੇ ਇਲਾਕੇ ਦੇ ਲੋਕਾਂ ਦੀ ਅਣਗਹਿਲੀ ਕਾਰਨ ਇਹ ਵੱਡਾ ਘੋਟਾਲਾ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆ ਸਕਿਆ। ਮੌਜੂਦਾ ਮੁੱਖ ਮੰਤਰੀ ਵੀ ਇਸ ਘੋਟਾਲੇ ਨੂੰ ਸਮੇਂ ਸਿਰ ਰੋਕ ਸਕਦੇ ਹਨ ਕਿਉਂਕਿ ਲੰਬਾ ਸਮਾਂ ਐਮ ਐਲ ਏ ਵੀ ਰਹੇ ਹਨ ਉਹਨਾਂ ਦਾ ਘਰ ਵੀ ਇਹਨਾਂ ਯਾਦਗਾਰਾਂ ਦੇ ਨੇੜੇ ਹੈ, ਉਹਨਾਂ ਦੇ ਪਿਤਾ ਜੀ ਦਾ ਇਹਨਾਂ ਯਾਦਗਾਰਾਂ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ ਅਤੇ ਮੋਜੂਦਾ ਟਰੱਸਟੀ ਉਹਨਾਂ ਦੇ ਗਵਾਂਢੀ ਵੀ ਹਨ ਪਰ ਅਜਿਹਾ ਨਹੀਂ ਹੋ ਸਕਿਆ।
ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਤੀ 13 ਜੂਨ 2021 ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਮੁੜ ਰਿਮਾਇੰਡਰ ਵੀ ਈਮੇਲ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਦੇ ਪਰਿਵਾਰ ਤੱਕ ਇਹ ਗੱਲ ਪਹੁੰਚਾ ਦਿੱਤੀ ਗਈ ਸੀ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪ੍ਰੈਸ ਕਾਨਫਰੰਸ ਵਿੱਚ ਹਾਜਰ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ ਅਤੇ ਯਾਦਗਾਰਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਾਂ ਯਾਦਗਾਰਾਂ ਨੂੰ ਸਰਕਾਰੀ ਕੰਟਰੋਲ ਵਿੱਚ ਲੈ ਕੇ ਇਲਾਕੇ ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਵਿੱਦਿਆ ਦਾ ਕੇਂਦਰ ਇਹਨਾਂ ਯਾਦਗਾਰਾਂ ਨੂੰ ਬਣਾ ਕੇ ਸ਼ਹੀਦ ਕਾਂਸੀ ਰਾਮ ਜੀ ਸਮਰਪਿਤ ਰੱਖਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਵਿੱਚ ਇਤਿਹਾਸ ਮਾਫ ਨਹੀਂ ਕਰੇਗਾ।
ਹਾਜਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਬੇਨਤੀ ਤੇ ਹਾਈਕੋਰਟ ਦੇ ਮਸ਼ਹੂਰ ਅਤੇ ਸੀਨੀਅਰ ਵਕੀਲ ਸ੍ਰੀ ਆਰ.ਐੱਸ. ਬੈਂਸ ਇਸ ਕੇਸ ਦੀ ਕਨੂੰਨੀ ਪੈਰਵੀ ਵੀ ਕਰਨਗੇ ਅਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੇ ਮਨਾਏ ਜਾ ਰਹੇ ਮੇਲੇ ਵਿੱਚ ਇਸ ਸਬੰਧੀ ਵੱਡੇ ਪੱਧਰ ਤੇ ਆਵਾਜ ਵੀ ਉਠਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਵਕੀਲ ਆਰ ਐਸ ਬੈੰਸ ਹਾਈਕੋਰਟ ਚੰਡੀਗੜ੍ਹ ,ਡਾਕਟਰ ਦਲੇਰ ਸਿੰਘ ਮੁਲਤਾਨੀ, ਅਮਰੀਕ ਸਿੰਘ, ਡਾਕਟਰ ਪੂਨਮ ਸ਼ਰਮਾ ਅਮਿਤ ਵਰਮਾ, ਰਜੀਵ ਦੀਵਾਨ ਤੇਜੰਦਰ ਸਿੱਧੂ ਆਦਿ ਵੀ ਹਾਜਰ ਸਨ।