ਬੀਤੇ ਦਿਨੀਂ ਜੈਤੋ ਇਲਾਕੇ ਦੇ ਉੱਘੇ ਸਿੱਖਿਆ ਸ਼ਾਸ਼ਤਰੀ, ਦੱਬੇ-ਕੁਚਲੇ ਲੋਕਾਂ ਦੇ ਮਾਰਗ ਦਰਸ਼ਕ ਡਾ. ਸੱਤ ਨਰਾਇਣ ਜੀ ਦਾ ਲੰਮੀ ਬਿਮਾਰੀ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨਾਂ ਨੇ ਪਰਿਵਾਰ ਵਿੱਚ ਅੱਤ ਦੀ ਗਰੀਬੀ ਹੋਣ ਦੇ ਬਾਵਜੂਦ ਕੱਚੇ ਮਕਾਨ ’ਚ ਰਹਿੰਦਿਆਂ ਐਮ.ਏ, ਐਮ.ਫਿਲ, ਐਲ.ਐਲ.ਐਮ, ਪੀ.ਐਚ.ਡੀ. ਵਰਗੀ ਉੱਚ ਪੜਾਈ ਖੁਦ ਹੀ ਨਹੀਂ ਕੀਤੀ ਸਗੋਂ ਆਪਣੇ ਚਾਰ ਭੈਣਾਂ ਅਤੇ ਭਰਾਵਾਂ ਤੋਂ ਇਲਾਵਾ ਆਪਣੇ ਇਲਾਕੇ ਦੇ ਅਨੇਕਾਂ ਬੱਚਿਆਂ ਨੂੰ ਮੁਫ਼ਤ ਵਿੱਚ ਸਿੱਖਿਆ ਦਾ ਦਾਨ ਦਿੱਤਾ। ਉਨਾਂ ਦਾ ਜਨਮ 18.10.1956 ਨੂੰ ਯੋਧਾ ਰਾਮ ਜੀ ਦੇ ਘਰ ਵਿਖੇ ਹੋਇਆ। ਆਪਣੇ ਪਿਤਾ ਜੀ ਦੀ ਯੋਗ ਅਗਵਾਈ ਵਿਚ ਉਨਾਂ ਹਰ ਖੇਤਰ ਵਿੱਚ ਉੱਚ ਕੋਟੀ ਦੇ ਮੁਕਾਮ ਹਾਸਿਲ ਕੀਤੇ। ਉਨਾਂ ਨੇ ਆਪਣਾ ਕੈਰੀਅਰ ਹਿੰਦੀ ਅਧਿਆਪਕ ਤੋਂ ਸ਼ੁਰੂ ਕੀਤਾ ਅਤੇ ਉਹ ਆਪਣੀ ਯੋਗਤਾ ਸਦਕਾ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਹੁੰਦਿਆਂ ਹੋਇਆਂ ਪੰਜਾਬ ਭਵਨ ਦਿੱਲੀ ਵਿਚ ਸੇਵਾ ਨਿਭਾਈ। ਉਨਾਂ ਦੀ ਸੁਪਤਨੀ ਡਾ. ਛਿੰਦਰ ਕੌਰ ਵੀ ਦਿੱਲੀ ਦੇ ਪੰਜਾਬ ਭਵਨ ’ਚੋਂ 29.02.2016 ਬਤੌਰ ਐਸ.ਐਮ.ਓ. ਰਿਟਾਇਰ ਹੋਏ। ਉਨਾਂ ਦਾ ਇੱਕੋ-ਇੱਕ ਸਪੁੱਤਰ ਡਾ. ਸ਼ੁਭਕਰਮਨ ਸਿੰਘ ਅਤੇ ਨੂੰਹ ਡਾ. ਸ਼ੈਲਜ਼ਾ ਕ੍ਰਮਵਾਰ ਪਟਿਆਲਾ ਅਤੇ ਰਾਜਪੁਰਾ ਵਿਖੇ ਬਤੌਰ ਸਰਕਾਰੀ ਡਾਕਟਰ ਸੇਵਾ ਨਿਭਾਅ ਰਹੇ ਹਨ।
ਅੱਜ ਉਨਾਂ ਦੇ ਚਾਹੁਣ ਵਾਲੇ ਸ੍ਰੀ ਵਾਸਦੇਵ ਸ਼ਰਮਾ, ਮਾਸਟਰ ਨੈਬ ਸਿੰਘ ਬਰਗਾੜੀ, ਸਿਆਸੀ ਆਗੂ ਪਵਨ ਗੋਇਲ, ਸ਼ਾਮ ਲਾਲ ਗੋਇਲ ਆਪਣੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ।