ਉਦਯੋਗਾਂ ਦੀ ਮੰਗ ਨੂੰ ਪੂਰਾ ਕਰ ਲਈ ਸਹਾਈ ਸਿੱਧ ਹੋਵੇਗਾ ਡਿਸਟਰਿਕਟ ਬਿਓਰੋ ਆਫ਼ ਇੰਡਸਟਰੀ ਅਤੇ ਇੰਨਵੈਸਟਮੈਂਟ ਪਰੋਮੋਸ਼ਨ ਸੈਂਟਰ :ਕੰਵਰਜੀਤ ਸਿੰਘ
ਬਠਿੰਡਾ, 29 ਅਕਤੂਬਰ (ਲਖਵਿੰਦਰ ਸਿੰਘ ਗੰਗਾ)
ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਆਸਾਨ ਤਰੀਕੇ ਨਾਲ ਕਰਨ ਲਈ ਤੇ ਉਦਯੋਗਾਂ ਦੀ ਮੰਗ ਨੂੰ ਪੂਰਾ ਕਰ ਲਈ ਹਰ ਜ਼ਿਲ੍ਹੇ ਵਿੱਚ ਡਿਸਟਰਿਕਟ ਬਿਓਰੋ ਆਫ਼ ਇੰਡਸਟਰੀ ਅਤੇ ਇੰਨਵੈਸਟਮੈਂਟ ਪਰੋਮੋਸ਼ਨ ਬਣਾਏ ਜਾ ਰਹੇ ਹਨ। ਸ਼ੁਰੂ ਵਿੱਚ ਇਹ ਪੰਜਾਬ ਦੇ 6 ਮੁੱਖ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ ਤੇ ਬਠਿੰਡਾ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ।
ਉਪ ਜ਼ਿਲ੍ਹਾ ਮੈਜਿਸਟ੍ਰੇਟ ਸ. ਕੰਵਰਜੀਤ ਸਿੰਘ ਵੱਲੋਂ ਇਸ ਬਿਓਰੋ ਦਾ ਉਦਘਾਟਨ ਜ਼ਿਲ੍ਹਾ ਰੋਜ਼ਗਾਰ ਬਿਓਰੋ ਦੀ ਬਿਲਡਿੰਗ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਇਨ੍ਹਾਂ 6 ਦਫ਼ਤਰਾਂ ਦਾ ਉਦਘਾਟਨ ਲੁਧਿਆਣਾ ਵਿਖੇ ਹੋਈ ਪ੍ਰੋਗਰੈਸਿਵ ਪੰਜਾਬ ਸਮਿਟ-2021 ਦੌਰਾਨ ਕੀਤਾ ਗਿਆ।
ਜ਼ਿਲ੍ਹਾ ਪੱਧਰ `ਤੇ ਖੁਲਣ ਵਾਲੇ ਇਸ ਬਿਓਰੋ ਦੇ ਸੀ.ਈ.ਓ. ਡਿਪਟੀ ਕਮਿਸ਼ਨਰ ਹੋਣਗੇ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਓਦਯੋਗ ਕੇਂਦਰ ਕਨਵੀਨਰ ਕਮ ਮੈਂਬਰ ਸੈਕਟਰੀ ਹੋਣਗੇ। ਕੁੱਲ 11 ਮਹਿਕਮੇ ਜਿੰਨ੍ਹਾਂ ਵਿੱਚ ਹਾਊਸਿੰਗ ਤੇ ਅਰਬਨ ਡਿਵੈਲਮੈਂਟ, ਲੋਕਲ ਗੌਰਮੈਂਟ, ਲੇਬਰ(ਫੈਕਟਰੀਜ਼), ਪ੍ਰਦੂਸ਼ਣ ਕੰਟਰੋਲ ਬੋਰਡ, ਪੀ.ਐਸ.ਆਈ.ਸੀ. ਦੇ ਨੋਡਲ ਅਫ਼ਸਰ ਸ਼ੁਰੂ ਵਿੱਚ ਹਫ਼ਤੇ ਵਿੱਚ ਇੱਕ ਦਿਨ ਮੰਗਲਵਾਰ ਨੂੰ ਬੈਠਣਗੇ ਤੇ ਲੋੜ ਪੈਣ `ਤੇ ਇਹ ਦਿਨ ਵਧਾਏ ਜਾ ਸਕਦੇ ਹਨ।
ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ਼੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ 2007 ਦੇ ਅਧੀਨ 25 ਕਰੋੜ ਦੇ ਨਿਵੇਸ਼ ਤੱਕ ਦੇ ਕੇਸ ਇਸ ਬਿਓਰੋ ਵਿੱਚ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਨਵਾਂ ਕੰਮ ਸ਼ੁਰੂ ਕਰਨ ਵਾਲੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਲੋੜੀਂਦੀਆਂ ਕਲੀਅਰੈਂਸ ਤੇ ਅਪਰੂਵਲ ਲੈਣ ਲਈ ਇੱਕੋ ਛੱਤ ਹੇਠ ਸਹੂਲਤ ਹਾਸਿਲ ਹੋਵੇਗੀ।
ਇਸ ਮੌਕੇ ਵੱਖ-ਵੱਖ ਲਾਈਨ ਡਿਪਾਰਟਮੈਂਟਾਂ ਦੇ ਅਧਿਕਾਰੀ ਹਾਜ਼ਰ ਸਨ।